ਤਿੰਨ ਮੰਜ਼ਿਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ

ਕਰੋੜਾਂ ਦਾ ਸਮਾਨ ਸੜਿਆ

ਕਾਦੀਆਂ  : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਚ ਛੋਟਾ ਬਿਜਲੀ ਘਰ ਚੌਕ ਬੁੱਟਰ ਰੋਡ ’ਤੇ ਸਥਿਤ ਗੁਰੂ ਲਾਲ ਮਨਿਆਰੀ ਵਾਲੀ ਤਿੰਨ ਮੰਜ਼ਿਲਾ ਦੁਕਾਨ ’ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਸਮਾਨ ਸੜ  ਗਿਆ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਹਾਲੇ ਤੱਕ ਪੱਕੇ ਤੌਰ ’ਤੇ ਪਤਾ ਨਹੀਂ ਲੱਗ ਸਕਿਆ।

ਦੁਕਾਨ ਨੂੰ ਲੱਗੀ ਅੱਗ ਇਨੀ ਭਿਆਨਕ ਸੀ ਕਿ ਬਟਾਲਾ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਅਹਿਮਦੀਆ ਮੁਸਲਿਮ ਜਮਾਤ ਦੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਜਮਾਤ ਦੇ ਨੌਜਵਾਨਾਂ ਨੇ ਜਨਰੇਟਰ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਵਿਚ ਪ੍ਰਸ਼ਾਸਨ ਦੀ ਸਹਾਇਤਾ ਕੀਤੀ। ਸੈਨਟਰੀ ਇੰਚਾਰਜ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਜੇ. ਸੀ. ਬੀ. ਦੀ ਮਦਦ ਨਾਲ ਦੁਕਾਨ ਦੇ ਸ਼ਟਰ ਤੋੜ ਕੇ ਅੱਗ ਬੁਝਾਈ ਗਈ।

ਇਸ ਦੌਰਾਨ ਮੌਜੂਦ ਨਗਰ ਕੌਂਸਲ ਕਾਦੀਆਂ ਦੇ ਕਾਰਜਸਾਧਕ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਅੱਗ ਦੇਰ ਰਾਤ ਲੱਗੀ, ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੁਕਾਨ ਦੇ ਥੱਲੇ ਵਸਦੇ ਕਿਰਾਏਦਾਰਾਂ ’ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਪਰ ਅੱਜ ਤੱਕ ਇਸ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਿਆ।

ਗੁਰੂ ਲਾਲ ਜਨਰਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਚ ਮਨਿਆਰੀ ਅਤੇ ਜਨਰਲ ਸਟੋਰ ਦਾ ਕਰੀਬ ਕਰੋੜਾਂ ਰੁਪਏ ਦਾ ਸਾਮਾਨ ਅੱਗ ’ਚ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ।

ਇਸ ਸਮੇਂ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਅਤੇ ਐੱਸ. ਐੱਚ. ਓ. ਨਿਰਮਲ ਸਿੰਘ ਚਾਹਲ ਨੇ ਪੁਲਸ ਪਾਰਟੀ ਦੇ ਨਾਲ ਘਟਨਾ ਸਥਲ ਦਾ ਨਿਰੀਖਣ ਕੀਤਾ ਅਤੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ, ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਦੀਆਂ ’ਚ ਅੱਗ ਲੱਗਣ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਇਕ ਸਥਾਈ ਫਾਇਰ ਬ੍ਰਿਗੇਡ ਵਿਭਾਗ ਸਥਾਪਿਤ ਕੀਤਾ ਜਾਵੇ।

Leave a Reply

Your email address will not be published. Required fields are marked *