ਬਠਿੰਡਾ ਦੀ ਪ੍ਰਿੰਸੀਪਲ

ਦੁਬਈ ’ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੇ ਵੀਡੀਓ ਜਾਰੀ ਕਰ ਕੇ ਮੰਗੀ ਮਦਦ

ਏਅਰਪੋਰਟ ਬੰਦ ਹੋਣ ਕਾਰਨ ਸੈਂਕੜੇ ਭਾਰਤੀ ਯਾਤਰੀ ਪ੍ਰੇਸ਼ਾਨ

ਬਠਿੰਡਾ, 1 ਮਾਰਚ : ਅਮਰੀਕਾ ਅਤੇ ਈਰਾਨ ਦਰਮਿਆਨ ਵਧ ਰਹੇ ਜੰਗੀ ਤਣਾਅ ਦਾ ਅਸਰ ਹੁਣ ਆਮ ਭਾਰਤੀਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਗੰਭੀਰ ਸਥਿਤੀ ਦੇ ਚਲਦਿਆਂ ਬਠਿੰਡਾ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਸਮੇਤ ਦੁਬਈ ’ਚ ਫਸ ਗਈ ਹਨ। ਉਨ੍ਹਾਂ ਨੇ ਦੁਬਈ ਦੇ ਇਕ ਹੋਟਲ ਤੋਂ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਤੁਰੰਤ ਮਦਦ ਦੀ ਭਾਵੁਕ ਅਪੀਲ ਕੀਤੀ ਹੈ।

ਡਾ. ਨੀਰੂ ਗਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ 23 ਤੋਂ 28 ਫਰਵਰੀ ਤੱਕ ਘੁੰਮਣ ਲਈ ਦੁਬਈ ਗਈ ਸੀ। 28 ਫਰਵਰੀ ਨੂੰ ਜਦੋਂ ਉਹ ਵਾਪਸ ਭਾਰਤ ਆਉਣ ਲਈ ਦੁਬਈ ਏਅਰਪੋਰਟ ਪਹੁੰਚੀ, ਤਾਂ ਸਵੇਰੇ 11 ਵਜੇ ਅਚਾਨਕ ਏਅਰਪੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਯਾਤਰੀਆਂ ਨੂੰ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ, ਪਰ ਜਦੋਂ ਉਹ ਉੱਥੇ ਪਹੁੰਚੀ ਤਾਂ ਦਫ਼ਤਰ ਨੂੰ ਤਾਲਾ ਲੱਗਾ ਮਿਲਿਆ। ਸਾਰਾ ਦਿਨ ਭਟਕਣ ਤੋਂ ਬਾਅਦ ਰਾਤ 10 ਵਜੇ ਉਨ੍ਹਾਂ ਨੇ ਇਕ ਹੋਟਲ ’ਚ ਰਹਿਣ ਦਾ ਇੰਤਜ਼ਾਮ ਕੀਤਾ, ਪਰ 1 ਮਾਰਚ ਸਵੇਰੇ ਹੋਟਲ ਪ੍ਰਬੰਧਨ ਨੇ ਕਮਰਾ ਖ਼ਾਲੀ ਕਰਨ ਲਈ ਕਹਿ ਦਿੱਤਾ।

ਡਾ. ਗਰਗ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ ਅਤੇ ਉਹ ਆਪਣੀ ਬਲੱਡ ਪ੍ਰੈਸ਼ਰ ਦੀ ਜ਼ਰੂਰੀ ਦਵਾਈ ਵੀ ਨਾਲ ਨਹੀਂ ਲਿਆ ਸਕੀ। ਅਜਿਹੇ ਹਾਲਾਤ ’ਚ ਪਰਦੇਸ ’ਚ ਫਸੀ ਡਾ. ਗਰਗ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਕਾਰਨ ਦੁਬਈ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਡਾਣਾਂ ਬੰਦ ਹੋਣ ਨਾਲ ਸੈਂਕੜੇ ਭਾਰਤੀ ਯਾਤਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਡਾ. ਨੀਰੂ ਗਰਗ ਦੀ ਇਸ ਅਪੀਲ ਤੋਂ ਬਾਅਦ ਬਠਿੰਡਾ ’ਚ ਵੀ ਚਿੰਤਾ ਦਾ ਮਾਹੌਲ ਹੈ ਅਤੇ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਫਸੇ ਹੋਏ ਭਾਰਤੀਆਂ ਨੂੰ ਤੁਰੰਤ ਕੱਢਣ ਦੀ ਮੰਗ ਕੀਤੀ ਹੈ।

Read More : ਦੁਬਈ ਹਵਾਈ ਅੱਡੇ ‘ਤੇ ਫਸੀ ਪੀ.ਵੀ. ਸਿੰਧੂ

Leave a Reply

Your email address will not be published. Required fields are marked *