ਤਹਿਰਾਨ ਸਮੇਤ ਕਈ ਸ਼ਹਿਰਾਂ ‘ਤੇ ਭਾਰੀ ਬੰਬਾਰੀ; ਖਮੇਨੀ ਦੇ ਪਰਿਵਾਰਕ ਮੈਂਬਰਾਂ ਦੀ ਵੀ ਗਈ ਜਾਨ
ਈਰਾਨ ਵਿੱਚ 40 ਦਿਨਾਂ ਦੇ ਸੋਗ ਦਾ ਐਲਾਨ
ਤਹਿਰਾਨ, 1 ਮਾਰਚ : ਮੱਧ ਪੂਰਬ ਵਿੱਚ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ। ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਦੀ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਸਾਂਝੇ ਹਮਲੇ ਵਿੱਚ ਮੌਤ ਹੋ ਗਈ ਹੈ। ਈਰਾਨੀ ਮੀਡੀਆ ਏਜੰਸੀਆਂ ਤਸਨੀਮ ਅਤੇ ਫਾਰਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਮੁਤਾਬਕ ਇਸ ਹਮਲੇ ਵਿੱਚ ਖਮੇਨੀ ਦੀ ਧੀ, ਜਵਾਈ, ਪੋਤੀ ਅਤੇ ਨੂੰਹ ਦੀ ਵੀ ਮੌਤ ਹੋ ਗਈ ਹੈ। ਇਸ ਵੱਡੀ ਘਟਨਾ ਤੋਂ ਬਾਅਦ ਈਰਾਨ ਸਰਕਾਰ ਨੇ ਦੇਸ਼ ਵਿੱਚ 40 ਦਿਨਾਂ ਦੇ ਸਰਕਾਰੀ ਸੋਗ ਅਤੇ ਸੱਤ ਦਿਨਾਂ ਦੀਆਂ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਹੈ।
ਈਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਖਮੇਨੀ ਦੀ ਮੌਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਨੇ ਇੱਕ ਮਹਾਨ ਰਹਿਬਰ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਈਰਾਨੀ ਫੌਜ ਨੇ ਵੱਡੀ ਜਵਾਬੀ ਕਾਰਵਾਈ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੇ ਕਬਜ਼ੇ ਵਾਲੇ ਖੇਤਰਾਂ ਅਤੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਪੋਸਟ ਪਾ ਕੇ ਖਮੇਨੀ ਦੀ ਮੌਤ ਦਾ ਦਾਅਵਾ ਕੀਤਾ। ਟਰੰਪ ਨੇ ਕਿਹਾ ਕਿ ਖਮੇਨੀ ਵਰਗੇ ਬੇਰਹਿਮ ਵਿਅਕਤੀ ਦਾ ਅੰਤ ਈਰਾਨ ਦੇ ਲੋਕਾਂ, ਅਮਰੀਕਾ ਅਤੇ ਪੂਰੀ ਦੁਨੀਆ ਲਈ ਨਿਆਂ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਜ਼ਰਾਈਲ ਅਤੇ ਅਮਰੀਕਾ ਨੇ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ‘ਤੇ ਜ਼ਬਰਦਸਤ ਹਮਲੇ ਕੀਤੇ ਸਨ, ਜਿਸ ਦੇ ਜਵਾਬ ਵਿੱਚ ਈਰਾਨ ਨੇ ਵੀ ਇਜ਼ਰਾਈਲ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦ ਵਹੀਦੀ ਈਰਾਨ ਦੇ ਨਵੇਂ ਫੌਜ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
Read More : ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 6 ਸਮੱਗਲਰ ਗ੍ਰਿਫ਼ਤਾਰ
