ਈਰਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਦੁਬਈ, ਸ਼ਾਰਜਾਹ ਤੇ ਦੋਹਾ ਦੀਆਂ ਉਡਾਣਾਂ ਰੱਦ; ਯਾਤਰੀਆਂ ਦੀ ਵਧੀ ਪ੍ਰੇਸ਼ਾਨੀ
ਅੰਮ੍ਰਿਤਸਰ, 1 ਮਾਰਚ : ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਾ ਸਿੱਧਾ ਅਸਰ ਹੁਣ ਭਾਰਤ ਦੇ ਹਵਾਈ ਸੰਪਰਕ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਕਈ ਮਹੱਤਵਪੂਰਨ ਅੰਤਰਰਾਸ਼ਟਰੀ ਉਡਾਣਾਂ ਨੂੰ ਜੰਗ ਕਾਰਨ ਮੁਅੱਤਲ ਜਾਂ ਰੱਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਅੰਮ੍ਰਿਤਸਰ-ਸ਼ਾਰਜਾਹ, ਏਅਰ ਇੰਡੀਆ ਐਕਸਪ੍ਰੈਸ ਦੀ ਅੰਮ੍ਰਿਤਸਰ-ਦੁਬਈ ਅਤੇ ਕਤਰ ਏਅਰਵੇਜ਼ ਦੀ ਦੋਹਾ-ਅੰਮ੍ਰਿਤਸਰ ਉਡਾਣ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਈਰਾਨੀ ਹਵਾਈ ਖੇਤਰ (Airspace) ਦੇ ਬੰਦ ਹੋਣ ਕਾਰਨ ਏਅਰ ਇੰਡੀਆ ਸਮੇਤ ਹੋਰ ਏਅਰਲਾਈਨਾਂ ਨੇ ਦਿੱਲੀ ਤੋਂ ਲੰਡਨ ਅਤੇ ਨਿਊਯਾਰਕ ਜਾਣ ਵਾਲੀਆਂ ਉਡਾਣਾਂ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਹਨ।
ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪੇਂਦਰ ਸਿੰਘ ਨੇ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਹਾਲਾਂਕਿ ਅੰਤਰਰਾਸ਼ਟਰੀ ਰੂਟਾਂ ‘ਤੇ ਅਸੁਰੱਖਿਆ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਪਰ ਘਰੇਲੂ (Domestic) ਉਡਾਣਾਂ ਪਹਿਲਾਂ ਵਾਂਗ ਹੀ ਸੁਚਾਰੂ ਰੂਪ ਵਿੱਚ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਵਾਈ ਖੇਤਰ ਦੀ ਅਸੁਰੱਖਿਆ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਫੈਸਲੇ ਲਏ ਗਏ ਹਨ।
ਦੂਜੇ ਪਾਸੇ, ਅਚਾਨਕ ਉਡਾਣਾਂ ਰੱਦ ਹੋਣ ਕਾਰਨ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਵਾਈ ਅੱਡੇ ‘ਤੇ ਮੁਸਾਫ਼ਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।
Read More : ਈਰਾਨ-ਇਜ਼ਰਾਈਲ ਜੰਗ : ਭਾਰਤ ਦੀ 50% ਤੇਲ ਸਪਲਾਈ ’ਤੇ ਸੰਕਟ; ਮਹਿੰਗਾਈ ਵਧਣ ਦਾ ਖ਼ਦਸ਼ਾ
