ਸੰਗਰੂਰ ਸ਼ਹਿਰ ਵਿਚ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵੇਚੀ ਰਹੀ ਚਾਈਨਾ ਡੋਰ ਕਾਰਨ ਅੱਜ 9ਵੀਂ ਕਲਾਸ ਦੇ ਵਿਦਿਆਰਥੀ ਦੇ ਕੰਨ ’ਤੇ ਕੱਟ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਰੁਦਰਾਸ਼ ਮਿੱਤਲ ਪੁੱਤਰ ਰਾਹੁਲ ਮਿੱਤਲ ਵਾਸੀ ਸੰਗਰੂਰ ਅੱਜ ਸ਼ਾਮ ਸਮੇਂ ਬੀ. ਐੱਸ. ਐੱਨ. ਐੱਲ. ਪਾਰਕ ਨਜ਼ਦੀਕ ਟਿਊਸ਼ਨ ਤੋਂ ਆਪਣੇ ਘਰ ਨੂੰ ਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਹਵਾ ’ਚ ਉਡਦੀ ਚਾਈਨਾ ਡੋਰ ਉਸਦੇ ਅੱਖ ਨਜ਼ਦੀਕ ਆ ਗਈ, ਜਿਸ ਤੋਂ ਉਸਨੇ ਮੂੰਹ ਘੁਮਾਇਆ ਤੇ ਇਹ ਚਾਈਨਾ ਡੋਰ ਉਸਦਾ ਕੰਨ ਵੱਢਦੀ ਹੋਈ ਨਿਕਲ ਗਈ।
ਇਸ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਰੁਦਰਾਸ਼ ਮਿੱਤਲ ਦੇ ਕੰਨ ’ਤੇ ਡੂੰਘਾ ਕੱਟ ਲੱਗ ਗਿਆ, ਜਿਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਬੇਸ਼ੱਕ ਉਸਦੀ ਅੱਖ ਤਾਂ ਬਚ ਗਈ ਪਰ ਜੇਕਰ ਇਹ ਚਾਈਨਾ ਡੋਰ ਉਸਦੀ ਅੱਖ ’ਚ ਵੜ ਜਾਂਦੀ ਤਾਂ ਅੱਖ ਦਾ ਵੱਡਾ ਨੁਕਸਾਨ ਹੋ ਸਕਦਾ ਸੀ।
ਬੇਸ਼ੱਕ ਸੰਗਰੂਰ ਵਿਖੇ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਪਲਾਸਟਿਕ ਦੀ ਚਾਈਨਾ ਡੋਰ ਨੂੰ ਵੇਚਣ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਲਈ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਅੰਦਰ ਇਸ ਡੋਰ ਨਾਲ ਪਤੰਗਬਾਜ਼ੀ ਆਮ ਹੁੰਦੀ ਦੇਖੀ ਜਾ ਸਕਦੀ ਹੈ, ਜਿਸ ਦੀ ਉਦਾਹਰਣ ਅੱਜ ਇਸ ਲੜਕੇ ਦੇ ਗਲ ਪਈ ਚਾਈਨਾ ਡੋਰ ਤੋਂ ਸਾਹਮਣੇ ਆਈ ਹੈ।