ਸ਼ਾਰਜਾਹ ਤੋਂ ਆਏ ਤਿੰਨ ਯਾਤਰੀਆਂ ਕੋਲੋਂ ਬਰਾਮਦ ਹੋਈ ਫ਼ੋਨਾਂ ਦੀ ਵੱਡੀ ਖੇਪ; ਕਸਟਮ ਐਕਟ ਤਹਿਤ ਮਾਮਲਾ ਦਰਜ
ਅੰਮ੍ਰਿਤਸਰ, 28 ਫਰਵਰੀ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੀ ਟੀਮ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸ਼ਾਰਜਾਹ ਤੋਂ ਆਏ ਤਿੰਨ ਯਾਤਰੀਆਂ ਕੋਲੋਂ ਲੱਖਾਂ ਰੁਪਏ ਦੀ ਕੀਮਤ ਦੇ ਆਈਫੋਨ ਜ਼ਬਤ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ੱਕ ਦੇ ਆਧਾਰ ’ਤੇ ਜਦੋਂ ਇਨ੍ਹਾਂ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ 89.33 ਲੱਖ ਰੁਪਏ ਦੀ ਕੀਮਤ ਦੇ ਮਹਿੰਗੇ ਆਈਫੋਨ ਬਰਾਮਦ ਹੋਏ।
ਕਸਟਮ ਅਤੇ ਡੀ.ਆਰ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਕਸਟਮ ਐਕਟ 1962 ਦੇ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਨਿਯਮਾਂ ਅਨੁਸਾਰ, ਕੋਈ ਵੀ ਯਾਤਰੀ ਇੰਨੀ ਵੱਡੀ ਗਿਣਤੀ ਵਿੱਚ ਇਲੈਕਟ੍ਰਾਨਿਕ ਵਸਤੂਆਂ ਜਾਂ ਮਹਿੰਗੇ ਫ਼ੋਨ ਆਪਣੇ ਨਾਲ ਬਿਨਾਂ ਜਾਣਕਾਰੀ ਦਿੱਤੇ ਨਹੀਂ ਲਿਆ ਸਕਦਾ। ਅਧਿਕਾਰੀਆਂ ਮੁਤਾਬਕ ਇੰਨੀ ਵੱਡੀ ਮਾਤਰਾ ਵਿੱਚ ਫ਼ੋਨ ਲਿਆਉਣ ਦਾ ਮਕਸਦ ਸਪੱਸ਼ਟ ਤੌਰ ’ਤੇ ਟੈਕਸ ਚੋਰੀ ਕਰਨਾ ਅਤੇ ਭਾਰਤੀ ਬਾਜ਼ਾਰ ਵਿੱਚ ਇਨ੍ਹਾਂ ਦੀ ਗੈਰ-ਕਾਨੂੰਨੀ ਵਿਕਰੀ ਕਰਨਾ ਸੀ।
ਪੁਲਿਸ ਅਤੇ ਕਸਟਮ ਵਿਭਾਗ ਵੱਲੋਂ ਹੁਣ ਇਨ੍ਹਾਂ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਸਮੱਗਲਿੰਗ ਪਿੱਛੇ ਕੋਈ ਵੱਡਾ ਗਿਰੋਹ ਤਾਂ ਕੰਮ ਨਹੀਂ ਕਰ ਰਿਹਾ। ਹਵਾਈ ਅੱਡੇ ‘ਤੇ ਸੁਰੱਖਿਆ ਅਤੇ ਚੈਕਿੰਗ ਪ੍ਰਬੰਧਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ।
Read More : ਬਰਨਾਲਾ ‘ਚ ਸਕਾਰਪੀਓ ਚਾਲਕ ਨੇ 2 ਨੌਜਵਾਨਾਂ ਦੀ ਲਈ ਜਾਨ
