ਬਰਨਾਲਾ ਦੀ ‘ਨਰੇਗਾ ਬਚਾਓ ਰੈਲੀ’ ‘ਚ ਰਾਹੁਲ ਦੇ ਸਖ਼ਤ ਤੇਵਰ; 2027 ਦੀਆਂ ਚੋਣਾਂ ਲਈ ਇਕਜੁੱਟਤਾ ਦਾ ਦਿੱਤਾ ਸੁਨੇਹਾ
ਬਰਨਾਲਾ, 28 ਫਰਵਰੀ : ਬਰਨਾਲਾ ਵਿਖੇ ਆਯੋਜਿਤ ‘ਨਰੇਗਾ ਬਚਾਓ ਰੈਲੀ’ ਦੌਰਾਨ ਕਾਂਗਰਸ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਬੇਹੱਦ ਸਖ਼ਤ ਅਤੇ ਸਪੱਸ਼ਟ ਚਿਤਾਵਨੀ ਦਿੱਤੀ ਹੈ। ਉਨ੍ਹਾਂ ਮੰਚ ਤੋਂ ਬੋਲਦਿਆਂ ਸਾਫ਼ ਕਰ ਦਿੱਤਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਅਤੇ ਨਿੱਜੀ ਸਿਆਸਤ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।
ਰਾਹੁਲ ਗਾਂਧੀ ਨੇ ਆਗੂਆਂ ਨੂੰ ਝੰਜੋੜਦਿਆਂ ਕਿਹਾ ਕਿ ਕੋਈ ਵੀ ਜੰਗ ਇਕੱਲਾ ਖਿਡਾਰੀ ਨਹੀਂ ਜਿੱਤ ਸਕਦਾ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ, “ਲੀਡਰ ਭਾਵੇਂ ਜਿੰਨਾ ਮਰਜ਼ੀ ਵੱਡਾ ਹੋਵੇ, ਪਾਰਟੀ ਤੋਂ ਵੱਡਾ ਕੋਈ ਨਹੀਂ। ਜੇਕਰ ਕੋਈ ਮਿਲ ਕੇ ਕੰਮ ਨਹੀਂ ਕਰੇਗਾ, ਤਾਂ ਉਸ ਨੂੰ ‘ਰਿਜ਼ਰਵ ਬੈਂਚ’ ‘ਤੇ ਬਿਠਾ ਦਿੱਤਾ ਜਾਵੇਗਾ, ਚਾਹੇ ਉਹ ਕਿੱਡਾ ਵੀ ਵੱਡਾ ਚਿਹਰਾ ਕਿਉਂ ਨਾ ਹੋਵੇ।”
ਇਸ ਦੌਰਾਨ ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਭਰੋਸਾ ਦਿਵਾਇਆ ਕਿ ਪਾਰਟੀ ਦੇ ਹਰ ਫ਼ੈਸਲੇ ਵਿੱਚ ਉਨ੍ਹਾਂ ਦੀ ਰਾਏ ਨੂੰ ਪਹਿਲ ਦਿੱਤੀ ਜਾਵੇਗੀ। ਰਾਹੁਲ ਗਾਂਧੀ ਦੀ ਇਸ ‘ਡਾਇਰੈਕਟ ਵਾਰਨਿੰਗ’ ਨੇ ਸੂਬਾਈ ਰਾਜਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ, ਜਿਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
Read More : ਗੁਰਦੁਆਰਾ ਜੰਡਸਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ; ਔਰਤ ਸਮੇਤ 2 ਗ੍ਰਿਫ਼ਤਾਰ
