ਹਰਜੋਤ ਸਿੰਘ ਬੈਂਸ

ਭਾਜਪਾ ਨੇ 100 ਕਰੋੜ ਦੇ ਘਪਲੇ ਦਾ ਰੌਲਾ ਪਾਇਆ ਪਰ ਇੱਕ ਚਵੰਨੀ ਵੀ ਨਹੀਂ ਮਿਲੀ : ਹਰਜੋਤ ਬੈਂਸ

ਅਦਾਲਤੀ ਫੈਸਲੇ ਨੂੰ ਦੱਸਿਆ ਸੱਚ ਦੀ ਜਿੱਤ; ਬੈਂਸ ਬੋਲੇ ਕੇਜਰੀਵਾਲ ਦੀ ਲੋਕਪ੍ਰਿਅਤਾ ਨੂੰ ਰੋਕਣ ਲਈ ਜਾਂਚ ਏਜੰਸੀਆਂ ਦੀ ਹੋਈ ਸਿਆਸੀ ਵਰਤੋਂ

ਚੰਡੀਗੜ੍ਹ, 28 ਫਰਵਰੀ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਫੈਸਲੇ ਦਾ ਨਿੱਘਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ “ਸੱਚਾਈ ਅਤੇ ਇਮਾਨਦਾਰੀ” ਦੀ ਸਭ ਤੋਂ ਵੱਡੀ ਜਿੱਤ ਵਜੋਂ ਦਰਜ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਬੈਂਸ ਨੇ ਭਾਜਪਾ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਦਾਲਤ ਦਾ ਫੈਸਲਾ ਇਸ ਗੱਲ ਦਾ ਸਬੂਤ ਹੈ ਕਿ ਜਾਂਚ ਏਜੰਸੀਆਂ ਕੋਲ ਕੋਈ ਠੋਸ ਸਬੂਤ ਨਹੀਂ ਸਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ 100 ਕਰੋੜ ਦੇ ਕਥਿਤ ਘਪਲੇ ਦਾ ਜਿਹੜਾ ਭੰਡੀ ਪ੍ਰਚਾਰ ਕੀਤਾ ਸੀ, ਉਹ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ ਕਿਉਂਕਿ ਜ਼ਮੀਨੀ ਪੱਧਰ ‘ਤੇ ਇੱਕ ਪੈਸਾ ਵੀ ਬਰਾਮਦ ਨਹੀਂ ਹੋਇਆ। ਬੈਂਸ ਅਨੁਸਾਰ, ਇਹ ਸਿਰਫ਼ ਅਰਵਿੰਦ ਕੇਜਰੀਵਾਲ ਦੀ ਵਧਦੀ ਸਿਆਸੀ ਤਾਕਤ ਨੂੰ ਰੋਕਣ ਲਈ ਬੁਣੀ ਗਈ ਇੱਕ “ਗੰਦੀ ਰਾਜਨੀਤਿਕ ਸਾਜ਼ਿਸ਼” ਸੀ।

ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਬੈਂਸ ਨੇ ਕਿਹਾ ਕਿ ਸਿਆਸੀ ਇਸ਼ਾਰੇ ‘ਤੇ ਮਨੀਸ਼ ਸਿਸੋਦੀਆ ਨੂੰ ਦੋ ਸਾਲ ਅਤੇ ਅਰਵਿੰਦ ਕੇਜਰੀਵਾਲ ਨੂੰ ਛੇ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਕੇਂਦਰ ਨੇ ਸਿਸੋਦੀਆ ਦੀ ਬਿਮਾਰ ਪਤਨੀ ਅਤੇ ਕੇਜਰੀਵਾਲ ਦੀ ਸ਼ੂਗਰ ਦੀ ਬਿਮਾਰੀ ਵਰਗੇ ਮਨੁੱਖੀ ਪੱਖਾਂ ਨੂੰ ਵੀ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਫੈਸਲੇ ਨੇ ਇਨ੍ਹਾਂ “ਤਾਨਾਸ਼ਾਹ ਤਾਕਤਾਂ” ਨੂੰ ਕਰਾਰੀ ਹਾਰ ਦਿੱਤੀ ਹੈ।

ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਦੇਸ਼ ਹੁਣ ਕੇਜਰੀਵਾਲ ਦੀ “ਕੰਮ ਦੀ ਰਾਜਨੀਤੀ” ਨੂੰ ਪਛਾਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆ ਕਲਪ ਕਰਨਾ ਹੀ ਅਸਲ ਵਿੱਚ ਉਹ ‘ਗੁਨਾਹ’ ਸੀ ਜਿਸ ਲਈ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ।

ਆਉਣ ਵਾਲੇ ਸਮੇਂ ਬਾਰੇ ਭਵਿੱਖਬਾਣੀ ਕਰਦਿਆਂ ਉਨ੍ਹਾਂ ਕਿਹਾ, “2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਸੀਂ 2022 ਦਾ ਆਪਣਾ ਹੀ ਰਿਕਾਰਡ ਤੋੜਾਂਗੇ।” ਉਨ੍ਹਾਂ ਇਹ ਵੀ ਉਮੀਦ ਜਤਾਈ ਕਿ 2029 ਵਿੱਚ ਅਰਵਿੰਦ ਕੇਜਰੀਵਾਲ ਦੇਸ਼ ਦੀ ਵਾਗਡੋਰ ਸੰਭਾਲਣਗੇ ਅਤੇ ਦਿੱਲੀ-ਪੰਜਾਬ ਦੇ ਵਿਕਾਸ ਮਾਡਲ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨਗੇ।

Read More : NZ ਬਨਾਮ ENG : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਪਛਾੜਿਆ

Leave a Reply

Your email address will not be published. Required fields are marked *