ਮਕਾਨ ਮਾਲਕ ਦੀ ਲੜਕੀ ਤੋਂ ਪਰੇਸ਼ਾਨ ਸੀ ਆਰੀਅਨ; ਪੁਲਸ ਨੇ ਸ਼ੁਰੂ ਕੀਤੀ ਕਾਰਵਾਈ
ਸਾਹਨੇਵਾਲ, 27 ਫਰਵਰੀ : ਮਕਾਨ ਮਾਲਕ ਦੀ ਲੜਕੀ ਨਾਲ ਪ੍ਰੇਮ ਪ੍ਰਸੰਗ ਦੌਰਾਨ ਇਕ 19 ਸਾਲਾ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਲੜਕੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੱਕੜ ਕਾਲੋਨੀ (ਗਿਆਸਪੁਰਾ) ਦੀ ਰਹਿਣ ਵਾਲੀ ਸੁਨੀਤਾ ਨੇ ਦੱਸਿਆ ਕਿ ਬੀਤੀ 24 ਫਰਵਰੀ ਨੂੰ ਉਹ ਕੰਮ ’ਤੇ ਗਈ ਹੋਈ ਸੀ ਅਤੇ ਉਸ ਦਾ ਲੜਕਾ ਆਰੀਅਨ ਯਾਦਵ ਘਰ ਵਿੱਚ ਇਕੱਲਾ ਸੀ। ਫੈਕਟਰੀ ਦੇ ਫੋਰਮੈਨ ਰਾਕੇਸ਼ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਜਦੋਂ ਸੁਨੀਤਾ ਨੇ ਘਰ ਪਹੁੰਚ ਕੇ ਦੇਖਿਆ ਤਾਂ ਆਰੀਅਨ ਕਮਰੇ ’ਚ ਪੱਖੇ ਦੀ ਹੁੱਕ ਨਾਲ ਚੁੰਨੀ ਦੇ ਸਹਾਰੇ ਲਟਕ ਰਿਹਾ ਸੀ।
ਪੀੜਤ ਮਾਂ ਨੇ ਦੋਸ਼ ਲਾਇਆ ਕਿ ਆਰੀਅਨ ਦੇ ਮਕਾਨ ਮਾਲਕ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਲੜਕੀ ਵੱਲੋਂ ਦਿੱਤੇ ਕਿਸੇ ਦੁੱਖ ਕਾਰਨ ਹੀ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਲੜਕੀ ਜੋਤੀ ਵਿਰੁੱਧ ਧਾਰਾ 306 (ਆਤਮ-ਹੱਤਿਆ ਲਈ ਉਕਸਾਉਣ) ਤਹਿਤ ਕੇਸ ਦਰਜ ਕਰ ਲਿਆ ਹੈ।
Read More : ਦੋ ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ ’ਚ ਤੀਜਾ ਮੁਲਜ਼ਮ ਇੰਦਰਜੀਤ ਸਿੰਘ ਗ੍ਰਿਫ਼ਤਾਰ
