Zila Parishad-Block Samiti

ਸੰਗਰੂਰ ਦੇ 18 ਜ਼ਿਲ੍ਹਾ ਪ੍ਰੀਸ਼ਦ ਅਤੇ 162 ਬਲਾਕ ਸੰਮਤੀ ਮੈਂਬਰਾਂ ਨੇ ਚੁੱਕੀ ਅਹੁਦੇ ਦੀ ਸਹੁੰ

ਪਿੰਡਾਂ ਦੇ ਵਿਕਾਸ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦਾ ਵੱਡਾ ਯੋਗਦਾਨ : ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ ਪਾਪੜਾ

ਸੰਗਰੂਰ, 27 ਫਰਵਰੀ : ਸੰਗਰੂਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ 18 ਜ਼ਿਲ੍ਹਾ ਪ੍ਰੀਸ਼ਦ ਅਤੇ 162 ਬਲਾਕ ਸੰਮਤੀ ਮੈਂਬਰਾਂ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਸਾਰੇ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਦੀ ਰਸਮ ਪੂਰੀ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਚੁਣੇ ਹੋਏ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਲੋਕਤੰਤਰੀ ਪ੍ਰਣਾਲੀ ਵਿੱਚ ਪੰਚਾਇਤੀ ਰਾਜ ਦੇ ਤਿੰਨ ਪੱਧਰ ਹਨ। ਪਿੰਡ ਦੀ ਪੰਚਾਇਤ ਤੋਂ ਬਾਅਦ ਬਲਾਕ ਸੰਮਤੀ ਅਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਤੋਂ ਵੱਧ ਪਿੰਡਾਂ ਦੇ ਸਾਂਝੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਬਲਾਕ ਸੰਮਤੀਆਂ ਸਿਰ ਹੁੰਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਤਹਿਤ ਹੁਣ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਵਿੱਤੀ ਤਾਕਤਾਂ ਵੀ ਦਿੱਤੀਆਂ ਗਈਆਂ ਹਨ। ਹੁਣ ਬਲਾਕ ਸੰਮਤੀਆਂ 20 ਫੀਸਦੀ ਅਤੇ ਜ਼ਿਲ੍ਹਾ ਪ੍ਰੀਸ਼ਦ 10 ਫੀਸਦੀ ਫੰਡਾਂ ਦੀ ਵਰਤੋਂ ਸਿੱਧੇ ਤੌਰ ‘ਤੇ ਵਿਕਾਸ ਕਾਰਜਾਂ ਲਈ ਕਰ ਸਕਦੀਆਂ ਹਨ। ਉਨ੍ਹਾਂ ਸਾਰੇ ਮੈਂਬਰਾਂ ਨੂੰ ਪੰਚਾਇਤੀ ਰਾਜ ਕਾਨੂੰਨ ਪੜ੍ਹਨ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ।

ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਕਰਨਲ ਜੇ. ਐੱਸ. ਬੱਗਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ 18 ਮੈਂਬਰਾਂ ਤੋਂ ਇਲਾਵਾ ਸੰਗਰੂਰ, ਸੁਨਾਮ, ਅੰਨਦਾਣਾ, ਲਹਿਰਾ, ਭਵਾਨੀਗੜ੍ਹ, ਛਾਜਲੀ, ਦਿੜਬਾ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਚੁਣੇ ਹੋਏ ਮੈਂਬਰਾਂ ਨੇ ਸਹੁੰ ਚੁੱਕੀ ਹੈ। ਇਸ ਸਮਾਗਮ ਵਿੱਚ ਉਪ ਮੁੱਖ ਕਾਰਜਕਾਰੀ ਅਫ਼ਸਰ (ਡਿਪਟੀ ਸੀ.ਈ.ਓ.) ਵਨੀਤ ਸ਼ਰਮਾ ਅਤੇ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਵੀ ਮੌਜੂਦ ਸਨ।

Read More : ਸੰਗਰੂਰ ਪੁਲਿਸ ਹੋਈ ਤਕਨਾਲੋਜੀ ਪੱਖੋਂ ਹਾਈਟੈੱਕ; ਐੱਸ.ਐੱਸ.ਪੀ. ਚਾਹਲ ਨੇ ਵੰਡੇ ਕੰਪਿਊਟਰ ਅਤੇ ਲੈਪਟਾਪ

Leave a Reply

Your email address will not be published. Required fields are marked *