ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ’ਤੇ ਬੈਠੇ
ਖਨੌਰੀ – ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ਵਿਚ ਪਹੁੰਚ ਗਿਆ ਹੈ। ਬੀਤੀ ਰਾਤ ਸਾਢੇ 12 ਵਜੇ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ 4 ਵਾਰ ਉਲਟੀਆਂ ਆਈਆਂ। ਕੱਲ ਰਾਤ ਤੋਂ ਲੈ ਕੇ ਅੱਜ ਤੱਕ ਸਿਰਫ 150 ਮਿਲੀਮੀਟਰ ਪਾਣੀ ਚਮਚਿਆਂ ਦੇ ਰਾਹੀਂ ਦਿੱਤਾ ਗਿਆ। ਡੱਲੇਵਾਲ ਦੀ ਸਿਹਤ ਬੇਹੱਦ ਚਿੰਤਾਜਨਕ ਬਣੀ ਰਹੀ, ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਚੈੱਕਅਪ ਕਰਨ ’ਤੇ ਲੱਗੀ ਰਹੀ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਕਰਾਰ ਡੱਲੇਵਾਲ ਦੀ ਸਿਹਤ ਸਬੰਧੀ ਸਹੀ ਪੱਖ ਲੋਕਾਂ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਰੱਖੇ ਤਾਂ ਜੋ ਪੂਰੀ ਦੁਨੀਆ ਨੂੰ ਅਸਲੀਅਤ ਪਤਾ ਚੱਲ ਸਕੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਕੋਈ ਹਾਦਸਾ ਹੋ ਸਕਦਾ ਹੈ।
2 ਦਿਨ ਤੋਂ 111 ਕਿਸਾਨਾਂ ਦਾ ਮਰਨ ਵਰਤ ਜਾਰੀ
ਦੂਸਰੇ ਪਾਸੇ ਡੱਲੇਵਾਲ ਦੀ ਹਮਾਇਤ ਅਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਬੀਤੇ 2 ਦਿਨ ਤੋਂ 111 ਕਿਸਾਨਾਂ ਦਾ ਮਰਨ ਵਰਤ ਜਾਰੀ ਹੈ। ਅੱਜ 10 ਹੋਰ ਹਰਿਆਣਾ ਦੇ ਕਿਸਾਨ ਡੱਲੇਵਾਲ ਦੇ ਹੱਕ ’ਚ ਮਰਨ ਵਰਤ ’ਤੇ ਬੈਠ ਗਏ ਹਨ, ਜਿਨ੍ਹਾਂ ਦੇ ਨਾਂ ਦਸ਼ਰੱਥ ਮਲਿਕ ਹਿਸਾਰ, ਵਰਿੰਦਰ ਖੋਖਰ ਸੋਨੀਪਤ, ਹੰਸਬੀਰ ਖਰਬ ਸੋਨੀਪਤ, ਰਣਵੀਰ ਮੁਕਰ ਪਾਨੀਪਤ, ਰਾਮਪਾਲ ਉਝਾਨਾ ਜੀਂਦ, ਬੇਦੀ ਦਹਿਆ ਸੋਨੀਪਤ, ਸੁਰੇਸ਼ ਜਲਹੇੜਾ ਜੀਂਦ, ਜਗਬੀਰ ਬੇਰਵਾਲ ਹਿਸਾਰ, ਬਲਜੀਤ ਸਿੰਘ ਮਾਰ ਜੀਂਦ ਅਤੇ ਰੋਹਤਾਸ ਰਾਠੀ ਪਾਨੀਪਤ ਹਨ।

ਕਿਸਾਨ ਨੇਤਾਵਾਂ ਨੇ ਦੱਸਿਆ ਕਿ ਅੱਜ ਦੇਸ਼ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਖਾਏ ਰਾਹ ’ਤੇ ਚੱਲਦੇ ਹੋਏ ਕੁਰਬਾਨੀ ਦੇਣ ਨੂੰ ਤਿਆਰ ਹਨ। ਦੇਸ਼ ਦੇ ਕਿਸਾਨ ਇਸ ਗੱਲ ਨੂੰ ਸਮਝ ਰਹੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਉਨ੍ਹਾਂ ਦੀ ਜ਼ਮੀਨਾਂ, ਖੇਤੀ ਅਤੇ ਅਗਲੀ ਪੀੜੀ ਨੂੰ ਬਚਾਉਣ ਦੇ ਲਈ 53 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਅਤੇ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।
