ਰਾਹਗੀਰਾਂ ਨੇ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਿਆ, ਦੇਰ ਸ਼ਾਮ ਮਾਮੇ ਦੀ ਲਾਸ਼ ਬਰਾਮਦ
ਬਠਿੰਡਾ, 26 ਫਰਵਰੀ: ਬਠਿੰਡਾ ਦੀ ਨੈਸ਼ਨਲ ਕਾਲੋਨੀ ਵਿਚ ਵੀਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਆਪਣੇ ਭਰਾ ਨਾਲ ਹੋਏ ਝਗੜੇ ਤੋਂ ਬਾਅਦ ਗੁੱਸੇ ਵਿਚ ਆਈ ਇਕ ਲੜਕੀ ਨੇ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ। ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਸ ਦਾ ਮਾਮਾ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ, ਜਿਸ ਦੀ ਦੇਰ ਸ਼ਾਮ ਲਾਸ਼ ਬਰਾਮਦ ਹੋਈ।
ਜਾਣਕਾਰੀ ਅਨੁਸਾਰ 16 ਸਾਲਾ ਕੋਮਲ ਦਾ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਭਾਣਜੀ ਨੂੰ ਡੁੱਬਦਾ ਦੇਖ ਉਸ ਦੇ ਮਾਮੇ ਪੰਕਜ ਕੁਮਾਰ (35) ਨੇ ਵੀ ਤੁਰੰਤ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਇਕ ਰਾਹਗੀਰ ਪਿੰਟੂ ਨੇ ਲੋਕਾਂ ਦੀ ਮਦਦ ਨਾਲ ਮੁਸਤੈਦੀ ਦਿਖਾਉਂਦਿਆਂ ਕੋਮਲ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਪੰਕਜ ਕੁਮਾਰ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਨ.ਡੀ.ਆਰ.ਐੱਫ. ਦੀ ਟੀਮ, ਡੀ.ਐੱਸ.ਪੀ. ਸਿਟੀ ਸੰਦੀਪ ਭਾਟੀ ਅਤੇ ਥਰਮਲ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਦੇਰ ਸ਼ਾਮ ਬਚਾਅ ਟੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੰਕਜ ਕੁਮਾਰ ਦੀ ਲਾਸ਼ ਨਹਿਰ ਵਿਚੋਂ ਕੱਢ ਲਈ ਗਈ। ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਐੱਫ.ਸੀ.ਆਈ. ਦਫ਼ਤਰ ਵਿਖੇ ਤਕਨੀਕੀ ਸਹਾਇਕ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ
