ਪੁਲਸ ਨੂੰ ਚਕਮਾ ਦੇ ਕੇ ਦੁਬਈ ਫ਼ਰਾਰ ਹੋਣ ਦੀ ਫਿਰਾਕ ’ਚ ਸੀ ਮੁਲਜ਼ਮ ਸੁਖਬੀਰ ਸਿੰਘ
ਤਰਨਤਾਰਨ, 26 ਫਰਵਰੀ: ਬੀਤੀ 18 ਫਰਵਰੀ ਨੂੰ ਇਕ ਮੈਰਿਜ ਪੈਲੇਸ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਵਾਲੇ ਮੁੱਖ ਮੁਲਜ਼ਮ ਨੂੰ ਤਰਨਤਾਰਨ ਪੁਲਸ ਨੇ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਦੁਬਈ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਹੱਤਿਆ ਕਰਨ ਵਾਲੇ ਛੇ ਬਦਮਾਸ਼ਾਂ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਜ਼ਿਲੇ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਤਰਨਤਾਰਨ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮੁੱਖ ਮੁਲਜ਼ਮ ਸੁਖਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਂਗੀਰ ਨੂੰ ਕਾਬੂ ਕੀਤਾ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਰਪੰਚ ਹਰਬਰਿੰਦਰ ਸਿੰਘ ਨੂੰ ਨਿੱਜੀ ਰੰਜਿਸ਼ ਕਾਰਨ ਗੈਂਗਸਟਰ ਸਤਨਾਮ ਸਿੰਘ ਸੱਤਾ ਦੇ ਇਸ਼ਾਰੇ ’ਤੇ ਮਰਵਾਇਆ ਗਿਆ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਗੈਂਗਸਟਰ ਦੇ ਸਾਥੀ ਭੋਲਾ ਉਰਫ਼ ਹਰਜੋਤ ਸਿੰਘ ਨੇ ਸੁਖਬੀਰ ਸਿੰਘ ਦੇ ਖ਼ਾਤੇ ਵਿਚ ਵਿਦੇਸ਼ ਤੋਂ 2 ਲੱਖ ਰੁਪਏ ਟ੍ਰਾਂਸਫਰ ਕੀਤੇ ਸਨ। ਇਹ ਰਾਸ਼ੀ ਸੁਖਬੀਰ ਸਿੰਘ ਨੇ ਹੱਤਿਆ ਲਈ ਤਿਆਰ ਕੀਤੇ ਗਏ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਥੋੜ੍ਹੀ-ਥੋੜ੍ਹੀ ਕਰਕੇ ਪਹੁੰਚਾਈ ਸੀ।
ਸੁਖਬੀਰ ਸਿੰਘ ਨੇ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ 6 ਮੁਲਜ਼ਮਾਂ ਨੂੰ ਪੈਸੇ ਦਾ ਲਾਲਚ ਦੇ ਕੇ ਕਤਲ ਲਈ ਤਿਆਰ ਕੀਤਾ ਸੀ। ਪੁਲਸ ਵੱਲੋਂ ਮੁਲਜ਼ਮਾਂ ਪਾਸੋਂ ਹੁਣ ਤੱਕ ਚਾਰ ਪਿਸਤੌਲ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ।
Read More : ਜਨਤਾ ਦੀ ਸੇਵਾ ਹੀ ਮੇਰਾ ਧਰਮ, ਹਰ ਸਾਹ ਪੰਜਾਬੀਆਂ ਨੂੰ ਸਮਰਪਿਤ : ਭਗਵੰਤ ਮਾਨ
