ਕਤਲ ਕੇਸ

ਪੁਲਸ ਨੇ 12 ਘੰਟਿਆਂ ’ਚ ਅੰਨ੍ਹਾ ਕਤਲ ਕੇਸ ਕੀਤਾ ਟਰੇਸ; 4 ਮੁਲਜ਼ਮ ਹਥਿਆਰਾਂ ਸਮੇਤ ਕਾਬੂ

ਪ੍ਰੇਮ ਵਿਆਹ ਤੋਂ ਨਾਰਾਜ਼ ਸਾਲੇ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਜੀਜੇ ਦਾ ਕਤਲ; ਪਿਸਤੌਲ ਤੇ ਕਾਰ ਬਰਾਮਦ

ਸੰਗਰੂਰ, 26 ਫਰਵਰੀ : ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ (ਆਈ.ਪੀ.ਐੱਸ.) ਨੇ ਦੱਸਿਆ ਕਿ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਲਹਿਰਾ ਦੇ ਖੇਤਰ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ 12 ਘੰਟਿਆਂ ਅੰਦਰ ਸੁਲਝਾ ਕੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਇਕ ਦੇਸੀ ਪਿਸਤੌਲ 32 ਬੋਰ (ਮੈਗਜ਼ੀਨ ਵਾਲਾ), ਇਕ ਦੇਸੀ ਕੱਟਾ ਸਮੇਤ ਇਕ ਖ਼ੋਲ 315 ਬੋਰ ਅਤੇ ਆਲਟੋ ਕਾਰ ਬਰਾਮਦ ਕੀਤੀ ਗਈ ਹੈ।

ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 17/18 ਫਰਵਰੀ ਦੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਦੋ ਨਾਮਲੂਮ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਉਰਫ਼ ਬੱਬੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਲਹਿਰਾ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ। ਕੇਸ ਨੂੰ ਹੱਲ ਕਰਨ ਲਈ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਦਵਿੰਦਰ ਅੱਤਰੀ, ਉਪ ਕਪਤਾਨ ਪੁਲਸ (ਡਿਟੈਕਟਿਵ) ਦਲਜੀਤ ਸਿੰਘ ਵਿਰਕ ਅਤੇ ਡੀ.ਐੱਸ.ਪੀ. ਲਹਿਰਾ ਰਣਬੀਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਇੰਚਾਰਜ ਸੰਦੀਪ ਸਿੰਘ ਅਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਦੀਆਂ ਟੀਮਾਂ ਬਣਾਈਆਂ ਗਈਆਂ ਸਨ।

ਤਫ਼ਤੀਸ਼ ਦੌਰਾਨ ਪੁਲਸ ਨੇ ਮੁਲਜ਼ਮ ਰਮਨਦੀਪ ਸਿੰਘ ਉਰਫ਼ ਰਵੀ ਵਾਸੀ ਚੂੜਲ ਕਲਾਂ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਪੁੱਛਗਿੱਛ ਦੇ ਅਧਾਰ ’ਤੇ ਰਵੀ ਪੁੱਤਰ ਅਮਰਜੀਤ ਸਿੰਘ, ਮੁਲਜ਼ਮ ਮੌਜੀ ਅਤੇ ਹਰਪ੍ਰੀਤ ਉਰਫ਼ ਹਰੀ ਵਾਸੀ ਸਿਧਾਣੀ (ਹਰਿਆਣਾ) ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਮੁਲਜ਼ਮ ਰਮਨਦੀਪ ਸਿੰਘ ਦੀ ਭੈਣ ਨਾਲ ਕਰੀਬ ਡੇਢ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਰਮਨਦੀਪ ਇਸ ਵਿਆਹ ਤੋਂ ਖ਼ੁਸ਼ ਨਹੀਂ ਸੀ, ਜਿਸ ਕਾਰਨ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕਤਲ ਦੀ ਯੋਜਨਾ ਬਣਾਈ। ਪੁਲਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Read More : ਸ਼ਹੀਦ ਫ਼ੌਜੀ ਗੁਰਦੀਪ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

Leave a Reply

Your email address will not be published. Required fields are marked *