ਡੰਪਰ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਪਤੀ ਅਤੇ ਦਿਓਰ ਵੀ ਗੰਭੀਰ ਝੁਲਸੇ
ਰਾਮਪੁਰ, 26 ਫਰਵਰੀ : ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿਚ ਦੇਰ ਰਾਤ ਇੱਕ ਦਿਲ ਕੰਬਾਊ ਹਾਦਸਾ ਵਾਪਰਿਆ, ਜਿੱਥੇ ਇੱਕ ਬੇਕਾਬੂ ਡੰਪਰ ਦੀ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਭਿਆਨਕ ਅੱਗ ਵਿਚ 23 ਸਾਲਾ ਮਹਿਲਾ ਕਾਂਸਟੇਬਲ ਅਤੇ ਉਸ ਦੇ 2 ਸਾਲ ਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ। ਹਾਦਸੇ ਵਿੱਚ ਮਹਿਲਾ ਦਾ ਪਤੀ ਅਤੇ ਦਿਓਰ ਵੀ ਗੰਭੀਰ ਝੁਲਸ ਗਏ ਹਨ।
ਪੀੜਤ ਪਰਿਵਾਰ ਰਾਮਪੁਰ ਤੋਂ ਨੈਨੀਤਾਲ ਘੁੰਮਣ ਜਾ ਰਿਹਾ ਸੀ। ਬੁੱਧਵਾਰ ਰਾਤ ਕਰੀਬ 11 ਵਜੇ ਜਦੋਂ ਉਹ ਗੰਜ ਥਾਣਾ ਖੇਤਰ ਵਿੱਚ ਪਹੁੰਚੇ, ਤਾਂ ਉਨ੍ਹਾਂ ਦੀ ਕਾਰ ਇੱਕ ਬੇਕਾਬੂ ਡੰਪਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ।
ਕਾਰ ਦੀ ਅਗਲੀ ਸੀਟ ‘ਤੇ ਬੈਠੇ ਮਹਿਲਾ ਦਾ ਪਤੀ ਅਤੇ ਉਸ ਦਾ ਭਰਾ (ਦਿਓਰ) ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਟੱਕਰ ਕਾਰਨ ਪਿਛਲਾ ਦਰਵਾਜ਼ਾ ਜਾਮ ਹੋਣ ਕਰਕੇ ਮਹਿਲਾ ਕਾਂਸਟੇਬਲ ਅਤੇ ਉਸ ਦਾ ਬੱਚਾ ਅੰਦਰ ਹੀ ਫਸ ਗਏ।
ਪਤੀ ਅਤੇ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਭਿਆਨਕ ਲਪਟਾਂ ਅੱਗੇ ਉਹ ਬੇਵੱਸ ਨਜ਼ਰ ਆਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਬੱਚੇ ਦੀ ਕਾਰ ਦੇ ਅੰਦਰ ਹੀ ਮੌਤ ਹੋ ਚੁੱਕੀ ਸੀ, ਜਦਕਿ ਮਹਿਲਾ ਕਾਂਸਟੇਬਲ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ।
ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਡੰਪਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਝੁਲਸੇ ਹੋਏ ਪਤੀ ਅਤੇ ਦਿਓਰ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਅਤੇ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
Read More : ਲਾਪਤਾ 328 ਪਵਿੱਤਰ ਸਰੂਪਾਂ ਦਾ ਮਾਮਲਾ : ਜਾਂਚ ਲਈ ਨਵੀਂ ਐੱਸ.ਆਈ.ਟੀ. ਦਾ ਗਠਨ, ਨਾਨਕ ਸਿੰਘ ਹੋਣਗੇ ਚੇਅਰਮੈਨ
