ਚੇਨਈ ‘ਚ ਭਾਰਤ-ਜ਼ਿੰਬਾਬਵੇ ਦੀ ਟੱਕਰ, ਜਦਕਿ ਅਹਿਮਦਾਬਾਦ ‘ਚ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਹੋਣਗੇ ਆਹਮੋ-ਸਾਹਮਣੇ
ਚੇਨਈ, 26 ਫਰਵਰੀ : ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ ਵਿਚ ਅੱਜ ਦੋ ਬੇਹੱਦ ਰੋਮਾਂਚਕ ਮੁਕਾਬਲੇ ਖੇਡੇ ਜਾਣਗੇ, ਜੋ ਸੈਮੀਫਾਈਨਲ ਦੀ ਤਸਵੀਰ ਸਾਫ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜਿੱਥੇ ਭਾਰਤੀ ਟੀਮ ਜ਼ਿੰਬਾਬਵੇ ਵਿਰੁੱਧ ਮੈਦਾਨ ਵਿੱਚ ਉਤਰੇਗੀ, ਉੱਥੇ ਹੀ ਦੂਜੇ ਪਾਸੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੀ ਟੱਕਰ ‘ਤੇ ਵੀ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।
ਮੈਚਾਂ ਦਾ ਵੇਰਵਾ :
ਪਹਿਲਾ ਮੈਚ -: ਦੱਖਣੀ ਅਫਰੀਕਾ ਬਨਾਮ ਵੈਸਟਇੰਡੀਜ਼, ਦੁਪਹਿਰ 3 ਵਜੇ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ।
ਦੂਜਾ ਮੈਚ -: ਭਾਰਤ ਬਨਾਮ ਜ਼ਿੰਬਾਬਵੇ, ਸ਼ਾਮ 7 ਵਜੇ ਚੇਪੌਕ ਸਟੇਡੀਅਮ, ਚੇਨਈ।
ਭਾਰਤ ਲਈ ਸੈਮੀਫਾਈਨਲ ਦੇ ਸਮੀਕਰਨ
ਭਾਰਤੀ ਟੀਮ ਲਈ ਸੈਮੀਫਾਈਨਲ ਦੀ ਰਾਹ ਅੱਜ ਦੇ ਦੋਵਾਂ ਨਤੀਜਿਆਂ ‘ਤੇ ਨਿਰਭਰ ਕਰੇਗੀ। ਭਾਰਤ ਚਾਹੇਗਾ ਕਿ ਏਡਨ ਮਾਰਕਰਾਮ ਦੀ ਅਗਵਾਈ ਵਾਲੀ ਦੱਖਣੀ ਅਫਰੀਕੀ ਟੀਮ ਵੈਸਟਇੰਡੀਜ਼ ਨੂੰ ਹਰਾ ਦੇਵੇ। ਜੇਕਰ ਦੱਖਣੀ ਅਫਰੀਕਾ ਇਹ ਮੈਚ ਜਿੱਤ ਜਾਂਦਾ ਹੈ ਅਤੇ ਭਾਰਤ ਵੀ ਜ਼ਿੰਬਾਬਵੇ ‘ਤੇ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹਿੰਦਾ ਹੈ, ਤਾਂ 1 ਮਾਰਚ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲਾ ਮੁਕਾਬਲਾ ‘ਵਰਚੁਅਲ ਨਾਕਆਊਟ’ ਬਣ ਜਾਵੇਗਾ, ਜਿੱਥੇ ਜਿੱਤਣ ਵਾਲੀ ਟੀਮ ਸਿੱਧਾ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰੇਗੀ।
ਦੱਖਣੀ ਅਫਰੀਕਾ ਦਾ ਮਨੋਬਲ ਉੱਚਾ
ਦੱਖਣੀ ਅਫਰੀਕਾ ਲਈ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣਾ ਪਿਛਲਾ ਮੈਚ ਇਸੇ ਮੈਦਾਨ (ਅਹਿਮਦਾਬਾਦ) ਵਿੱਚ ਭਾਰਤ ਵਿਰੁੱਧ ਖੇਡਿਆ ਸੀ, ਜਿਸ ਕਾਰਨ ਉਹ ਇੱਥੋਂ ਦੀਆਂ ਪਿੱਚ ਹਾਲਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਦੂਜੇ ਪਾਸੇ, ਚੇਨਈ ਦੀ ਸਪਿਨ-ਪੱਖੀ ਪਿੱਚ ‘ਤੇ ਭਾਰਤੀ ਗੇਂਦਬਾਜ਼ਾਂ ਕੋਲ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਮੁਸ਼ਕਿਲ ਵਿੱਚ ਪਾਉਣ ਦਾ ਸੁਨਹਿਰੀ ਮੌਕਾ ਹੋਵੇਗਾ।
Read More : 14 ਮਾਰਚ ਨੂੰ ਮੋਗਾ ਪਹੁੰਚਣਗੇ ਅਮਿਤ ਸ਼ਾਹ
