ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਦੋਵਾਂ ਟੀਮਾਂ ਲਈ ਜਿੱਤ ਲਾਜ਼ਮੀ
ਚੇੱਨਈ, 26 ਫਰਵਰੀ : ਆਈਸੀਸੀ ਪੁਰਸ਼ T20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ ਵਿੱਚ ਅੱਜ ਇੱਕ ਬਹੁਤ ਹੀ ਰੋਮਾਂਚਕ ਅਤੇ ਅਹਿਮ ਮੁਕਾਬਲਾ ਖੇਡਿਆ ਜਾਵੇਗਾ। ਚੇੱਨਈ ਦੇ ਇਤਿਹਾਸਕ ਐਮ.ਏ. ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਅੱਜ ਭਾਰਤ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਦੱਖਣੀ ਅਫਰੀਕਾ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ, ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਇਹ ਮੈਚ ‘ਕਰੋ ਜਾਂ ਮਰੋ’ ਵਰਗਾ ਬਣ ਗਿਆ ਹੈ। ਦੂਜੇ ਪਾਸੇ ਸਿਕੰਦਰ ਰਜ਼ਾ ਦੀ ਕਪਤਾਨੀ ਹੇਠ ਜ਼ਿੰਬਾਬਵੇ ਦੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਰ ਸੈਮੀਫਾਈਨਲ ਦੀ ਉਮੀਦ ਜਿਊਂਦੀ ਰੱਖਣ ਲਈ ਉਨ੍ਹਾਂ ਨੂੰ ਵੀ ਅੱਜ ਹਰ ਹਾਲ ਵਿੱਚ ਜਿੱਤ ਦਰਜ ਕਰਨੀ ਪਵੇਗੀ।
ਭਾਰਤੀ ਟੀਮ ਦੀ ਬੱਲੇਬਾਜ਼ੀ ਵਿੱਚ ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਦਕਿ ਸੰਜੂ ਸੈਮਸਨ ਅਤੇ ਹਾਰਦਿਕ ਪੰਡਿਆ ‘ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਤੋਂ ਸ਼ੁਰੂਆਤੀ ਝਟਕਿਆਂ ਦੀ ਉਮੀਦ ਰਹੇਗੀ।
ਜੇਕਰ ਅੱਜ ਭਾਰਤ ਇਹ ਮੈਚ ਹਾਰ ਜਾਂਦਾ ਹੈ, ਤਾਂ ਉਸ ਦਾ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖਤਰਾ ਕਾਫੀ ਵਧ ਜਾਵੇਗਾ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅੱਜ ਸ਼ਾਮ 7 ਵਜੇ ਸ਼ੁਰੂ ਹੋਣ ਵਾਲੇ ਇਸ ਹਾਈ-ਵੋਲਟੇਜ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ।
Read More : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
