ਭਗਵੰਤ- ਮਾਨ

ਮੁੱਖ ਮੰਤਰੀ ਮਾਨ ਨੇ ਸਰਹੱਦੀ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਿਸ ਨੂੰ ਦੱਸਿਆ ‘ਦੇਸ਼ ਦੀ ਢਾਲ

ਪੰਜਾਬ ਪੁਲਿਸ ਦੇ ਕਾਫ਼ਲੇ ‘ਚ 2,577 ਨਵੇਂ ਜਵਾਨ ਸ਼ਾਮਲ; 1100 ਕਰੋੜ ਨਾਲ ਹੋਵੇਗਾ ਫੋਰਸ ਦਾ ਆਧੁਨਿਕੀਕਰਨ

ਜਲੰਧਰ, 25 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਪੀਏਪੀ (ਪੰਜਾਬ ਆਰਮਡ ਪੁਲਿਸ) ਗਰਾਊਂਡ ਵਿਖੇ ਇੱਕ ਪ੍ਰਭਾਵਸ਼ਾਲੀ ਪਾਸਿੰਗ-ਆਊਟ ਪਰੇਡ ਦੌਰਾਨ 2,577 ਨਵੇਂ ਪੁਲਿਸ ਮੁਲਾਜ਼ਮਾਂ ਨੂੰ ਰਸਮੀ ਤੌਰ ‘ਤੇ ਫੋਰਸ ਵਿੱਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਾਰਨ ਰੋਜ਼ਾਨਾ ਡਰੋਨ ਘੁਸਪੈਠ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਪਰ ਪੰਜਾਬ ਪੁਲਿਸ ਪੂਰੇ ਦੇਸ਼ ਦੀ ਰਾਖੀ ਲਈ ਚੱਟਾਨ ਵਾਂਗ ਖੜ੍ਹੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ 12,010 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੁਲਿਸ ਫੋਰਸ ਨੂੰ ਵਿਗਿਆਨਕ ਤਰੀਕਿਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਕਰਨ ਲਈ 1,100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਰਕਾਰ ਵੱਲੋਂ 2026 ਵਿੱਚ 3,400 ਹੋਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।

ਪੰਜਾਬ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਨਾਲ ਨਿਪਟਣ ਲਈ ਬੀ.ਟੈੱਕ, ਐੱਮ.ਟੈੱਕ ਅਤੇ ਐੱਲ.ਐੱਲ.ਬੀ. ਵਰਗੀਆਂ ਉੱਚ ਯੋਗਤਾਵਾਂ ਵਾਲੇ 182 ਸਬ-ਇੰਸਪੈਕਟਰ ਅਤੇ 1,547 ਤਕਨੀਕੀ ਕਾਂਸਟੇਬਲ ਭਰਤੀ ਕੀਤੇ ਹਨ। ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੱਚ ਵੀ ਕਾਨੂੰਨੀ ਅਤੇ ਫੋਰੈਂਸਿਕ ਮਾਹਰ ਤਾਇਨਾਤ ਕੀਤੇ ਗਏ ਹਨ।

ਨਸ਼ਿਆਂ ਅਤੇ ਸੜਕ ਹਾਦਸਿਆਂ ਵਿਰੁੱਧ ਜੰਗ :

ਯੁੱਧ ਨਸ਼ਿਆਂ ਵਿਰੁੱਧ: ਮਾਰਚ 2025 ਤੋਂ ਸ਼ੁਰੂ ਹੋਈ ਮੁਹਿੰਮ ਤਹਿਤ 50,238 ਗ੍ਰਿਫਤਾਰੀਆਂ ਹੋਈਆਂ ਅਤੇ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਅਫੀਮ ਜ਼ਬਤ ਕੀਤੀ ਗਈ।

ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.): ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਿਸ਼ੇਸ਼ ਫੋਰਸ ਨੇ ਹੁਣ ਤੱਕ 46,399 ਜਾਨਾਂ ਬਚਾਈਆਂ ਹਨ ਅਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 48 ਫੀਸਦੀ ਕਮੀ ਆਈ ਹੈ।

ਭਗਵੰਤ ਸਿੰਘ ਮਾਨ ਨੇ ਮਾਣ ਨਾਲ ਕਿਹਾ ਕਿ ਪੰਜਾਬ ਦੇ ਸਿਖਲਾਈ ਕੇਂਦਰ (ਫਿਲੌਰ, ਜਹਾਨ ਖੇਲਾਂ, ਕਪੂਰਥਲਾ) ਇੰਨੇ ਉੱਨਤ ਹਨ ਕਿ ਦੂਜੇ ਰਾਜਾਂ ਅਤੇ ਵਿਦੇਸ਼ੀ ਫੋਰਸਾਂ ਵੱਲੋਂ ਵੀ ਆਪਣੀ ਪੁਲਿਸ ਨੂੰ ਇੱਥੇ ਸਿਖਲਾਈ ਦਿਵਾਉਣ ਲਈ ਸੰਪਰਕ ਕੀਤਾ ਜਾਂਦਾ ਹੈ। ਉਨ੍ਹਾਂ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਨਾਪਾਕ ਤਾਕਤਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਗੁਰਦਾਸਪੁਰ ’ਚ 2 ਪੁਲਸ ਜਵਾਨਾਂ ਦੀ ਹੱਤਿਆ ਪਿੱਛੇ ਪਾਕਿਸਤਾਨ ਦਾ ਹੱਥ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਹੱਦੀ ਰਾਜ ਹੋਣ ਕਾਰਨ ਪੰਜਾਬ ਨੂੰ ਹਰ ਰੋਜ਼ ਪਾਕਿਸਤਾਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਡਰੋਨ ਘੁਸਪੈਠ ਰਾਹੀਂ ਰਾਜ ਦਾ ਮਾਹੌਲ ਖ਼ਰਾਬ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ’ਚ 2 ਪੁਲਸ ਮੁਲਾਜ਼ਮਾਂ ਦੀ ਸ਼ਹਾਦਤ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਦੇ ਪਿੱਛੇ ਪਾਕਿਸਤਾਨ ਪੱਖੀ ਤਾਕਤਾਂ ਦਾ ਹੱਥ ਹੈ, ਜਿਨ੍ਹਾਂ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

Read More : ਹਰਿਆਣਾ ਸਕੱਤਰੇਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਈ.ਏ.ਐੱਸ. ਅਧਿਕਾਰੀ ਦੇ ਪੀ.ਏ. ਵੱਲੋਂ ਖ਼ੁਦਕੁਸ਼ੀ

Leave a Reply

Your email address will not be published. Required fields are marked *