ਮਹਾਰਾਸ਼ਟਰ ਦੀਆਂ 20 ਹਜ਼ਾਰ ਤੋਂ ਵੱਧ ਸੰਸਥਾਵਾਂ ’ਚ ਇਕੋ ਸਮੇਂ ਗੀਤ ਗਾ ਕੇ ਗੁਰੂ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਚੌਕ ਮਹਿਤਾ, 25 ਫਰਵਰੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਸਹਿਯੋਗ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ’ਚ ਮਹਾਰਾਸ਼ਟਰ ਵਿਖੇ 28 ਫਰਵਰੀ ਤੇ 1 ਮਾਰਚ ਨੂੰ ਖਾਰਘਰ (ਨਵੀਂ ਮੁੰਬਈ) ਦੇ ਉਵੇ ਮੈਦਾਨ ’ਚ ਜੋ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ, ਉਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ਬੀਤੀ 23 ਫਰਵਰੀ ਨੂੰ ਠੀਕ ਸਵੇਰੇ 9 ਵਜੇ ਕੋਂਕਣ ਖੇਤਰ ਦੀਆਂ ਕੁੱਲ 20,239 ਸੰਸਥਾਵਾਂ ਤੋਂ 51,13,208 ਵਿਦਿਆਰਥੀਆਂ ਤੇ 1,50,104 ਅਧਿਆਪਕਾਂ ਵੱਲੋਂ ਹਿੰਦ-ਦੀ-ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਹੁੰਦੇ ਹੋਏ ਸਮੂਹਿਕ ਤੌਰ ’ਤੇ ਇਕ ਹੀ ਸਮੇਂ ‘ਹਿੰਦ-ਦੀ-ਚਾਦਰ’ ਸ਼ਰਧਾਂਜਲੀ ਗੀਤ ਦੀ ਪੇਸ਼ਕਾਰੀ ਕੀਤੀ ਗਈ।
ਇਸ ਤੋਂ ਬਾਅਦ ਦਿੱਲੀ ਸਥਿਤ ਰਿਕਾਰਡ ਰਜਿਸਟਰੀ ‘ਬੈਸਟ ਆਫ਼ ਇੰਡੀਆ ਰਿਕਾਰਡਸ’ ਨੇ 4.45 ਮਿੰਟ ਦੇ ਇਸ ਗੀਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਕੋ ਸਮੇਂ ਗਾਏ ਗਏ ਸ਼ਰਧਾਂਜਲੀ ਗੀਤ ਵਜੋਂ ਪ੍ਰਮਾਣਿਤ ਕੀਤਾ ਹੈ।
ਇਹ ਧਾਰਮਿਕ ਗੀਤ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸ਼ਰਧਾਂਜਲੀ ਦਾ ਅਜਿਹਾ ਸੁਮੇਲ ਬਣਿਆ ਜੋ ਆਪਣੇ ਆਪ ’ਚ ਇਕ ਵਿਸ਼ਵ ਰਿਕਾਰਡ ਬਣ ਗਿਆ। ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਤੇ ਪ੍ਰਸਿੱਧ ਗਾਇਕ, ਕਵੀ ਤੇ ਚਿੰਤਕ ਡਾ. ਸਤਿੰਦਰ ਸਰਤਾਜ ਵੱਲੋਂ ਲਿਖਿਆ ਤੇ ਗਾਇਆ ਇਹ ਗੀਤ 25 ਅਕਤੂਬਰ 2025 ਨੂੰ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਅੱਜ ਸਕੂਲਾਂ ਅੰਦਰ ਕੁੱਲ 5,231,312 ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸਵੇਰ ਦੀ ਪ੍ਰਾਰਥਨਾ ਦੇ ਰੂਪ ’ਚ ਗਾਇਆ ਗਿਆ।
Read More : ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਦਾ ਵੱਡਾ ਐਕਸ਼ਨ
