ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨਾਲ ਜੁੜੇ ਸਨ ਤਾਰ, ਸੀ.ਆਈ.ਏ. ਇੰਚਾਰਜ ਸਮੇਤ 5 ਪੁਲਸ ਕਰਮਚਾਰੀ ਜ਼ਖ਼ਮੀ
ਗੁਰਦਾਸਪੁਰ, 25 ਫਰਵਰੀ : ਜ਼ਿਲਾ ਪੁਲਸ ਗੁਰਦਾਸਪੁਰ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਆਦੀਆਂ ਦੀ ਚੈੱਕ ਪੋਸਟ ’ਤੇ ਦੋ ਪੁਲਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਰਣਜੀਤ ਸਿੰਘ ਨੂੰ ਪੁਲਸ ਮੁਕਾਬਲੇ ’ਚ ਮਾਰ ਦਿੱਤਾ ਗਿਆ। ਇਸ ਮੁਕਾਬਲੇ ਦੌਰਾਨ ਸੀ.ਆਈ.ਏ. ਸਟਾਫ਼ ਇੰਚਾਰਜ ਗੁਰਮੀਤ ਸਿੰਘ ਸਮੇਤ ਪੰਜ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਸ ਨੇ ਇਕ ਹੋਰ ਮੁਲਜ਼ਮ ਇੰਦਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਤੀਜਾ ਸਾਥੀ ਦਿਲਾਵਰ ਸਿੰਘ ਅਜੇ ਫਰਾਰ ਹੈ।
ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਐੱਸ.ਐੱਸ.ਪੀ. ਦਫ਼ਤਰ ਵਿਖੇ ਦੱਸਿਆ ਕਿ ਪੁਲਸ ਨੇ ਤਕਨੀਕੀ ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਦੀ ਪਛਾਣ ਕੀਤੀ ਸੀ। ਅੱਜ ਤੜਕੇ ਜਦੋਂ ਪੁਲਸ ਮੁਲਜ਼ਮ ਰਣਜੀਤ ਸਿੰਘ ਨੂੰ ਹਥਿਆਰ ਬਰਾਮਦਗੀ ਲਈ ਲਿਜਾ ਰਹੀ ਸੀ, ਤਾਂ ਗਾਹਲੜੀ ਨੇੜੇ ਪੁਲਸ ਦੀ ਗੱਡੀ ਪਲਟ ਗਈ, ਜਿਸ ਦਾ ਫਾਇਦਾ ਉਠਾ ਕੇ ਉਹ ਭੱਜਣ ’ਚ ਕਾਮਯਾਬ ਹੋ ਗਿਆ।
ਪੁਲਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕੀਤੀ। ਸਵੇਰੇ 6 ਵਜੇ ਦੇ ਕਰੀਬ ਨੌਸ਼ਹਿਰਾ ਨੇੜੇ ਜਦੋਂ ਪੁਲਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਰਣਜੀਤ ਸਿੰਘ ਮਾਰਿਆ ਗਿਆ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਮੁਲਜ਼ਮਾਂ ਦੇ ਤਾਰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜੇ ਹੋਏ ਸਨ। ਡੀ.ਆਈ.ਜੀ. ਨੇ ਦੱਸਿਆ ਕਿ ਮੁਲਜ਼ਮ ਦਿਲਾਵਰ ਸਿੰਘ ਨੂੰ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਲਈ ਪਾਕਿਸਤਾਨ ਤੋਂ 20,000 ਰੁਪਏ ਮਿਲਣੇ ਸਨ, ਜਿਨ੍ਹਾਂ ’ਚੋਂ ਹੁਣ ਤੱਕ 3,000 ਰੁਪਏ ਮਿਲੇ ਸਨ।

ਮ੍ਰਿਤਕ ਕੋਲੋਂ ਇਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਸ ਹੁਣ ਫਰਾਰ ਦਿਲਾਵਰ ਸਿੰਘ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਇਸ ਮੌਕੇ ਐੱਸ.ਐੱਸ.ਪੀ. ਆਦਿਤਿਆ, ਐੱਸ.ਪੀ. ਜੁਗਰਾਜ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
Read More : ਕੇਂਦਰ ਦੀ ਵੱਡੀ ਕਾਰਵਾਈ: ਅਸ਼ਲੀਲ ਸਮੱਗਰੀ ਪਰੋਸਣ ਵਾਲੇ 5 OTT ਪਲੇਟਫਾਰਮਾਂ ‘ਤੇ ਪਾਬੰਦੀ
