ਬਲਤੇਜ ਪੰਨੂ ਅਤੇ ਵਿਧਾਇਕ ਅਜੀਤਪਾਲ ਕੋਹਲੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਪਟਿਆਲਾ, 25 ਫਰਵਰੀ : ਪਟਿਆਲਾ ਦੇ ਇਤਿਹਾਸਕ ਸ਼ੀਸ਼ ਮਹਿਲ ਵਿਖੇ ਕਰਵਾਏ ਜਾ ਰਹੇ ‘ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ’ ਦੀ ਚੌਥੀ ਸ਼ਾਮ ਦਰਸ਼ਕਾਂ ਦੇ ਭਾਰੀ ਉਤਸ਼ਾਹ ਅਤੇ ਭਰਵੀਂ ਆਮਦ ਨਾਲ ਯਾਦਗਾਰੀ ਹੋ ਨਿਬੜੀ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਮੇਲੀਆਂ ਦਾ ਖ਼ੂਬ ਮੰਨੋਰੰਜਨ ਕੀਤਾ।
ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ‘ਆਪ’ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਕਦਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਮੇਲਾ ਸ਼ਹਿਰ ਵਾਸੀਆਂ ਲਈ ਇੱਕ ਅਮਿਟ ਯਾਦਗਾਰ ਹੋਵੇਗਾ।
ਸੱਭਿਆਚਾਰਕ ਸ਼ਾਮ ਦੌਰਾਨ ਹਰਭਜਨ ਮਾਨ ਨੇ ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ’ ਨਾਲ ਸ਼ੁਰੂਆਤ ਕਰਕੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਉਨ੍ਹਾਂ ਨੇ ‘ਮਾਵਾਂ ਜੰਨਤ ਦਾ ਪਰਛਾਵਾਂ’, ‘ਦੱਸ ਕੁੜੀਏ ਨੀ ਦੱਸ ਕੁੜੀਏ’, ‘ਜੀ ਆਇਆਂ ਨੂੰ’, ‘ਜਗ ਜਿਉਂਦਿਆਂ ਦੇ ਮੇਲੇ’, ‘ਮੱਸਿਆ ਵਰਗੀ ਚੁੰਨੀ’, ‘ਤਿੰਨ ਰੰਗ ਨਹੀਂ ਲੱਭਣੇ’, ‘ਭਿੱਜ ਗਈ ਕੁੜਤੀ ਲਾਲ’ ਅਤੇ ‘ਜਦੋਂ ਅੱਖੀਆਂ ਨੇ ਅੱਖੀਆਂ’ ਵਰਗੇ ਮਕਬੂਲ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਰੰਗਲਾ ਪੰਜਾਬ’ ਸੰਕਲਪ ਤਹਿਤ ਕਰਵਾਇਆ ਜਾ ਰਿਹਾ ਇਹ ਮੇਲਾ ਪਟਿਆਲਵੀਆਂ ਲਈ ਖ਼ਿੱਚ ਦਾ ਕੇਂਦਰ ਬਣਿਆ ਹੋਇਆ ਹੈ। ਭਾਵੇਂ ਦਿਨ ਸਮੇਂ ਵੀ ਭੀੜ ਕਾਫ਼ੀ ਰਹੀ, ਪਰ ਸ਼ਾਮ ਨੂੰ ਹਰਭਜਨ ਮਾਨ ਦੀ ਪੇਸ਼ਕਾਰੀ ਕਾਰਨ ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।
ਇਸ ਮੌਕੇ ਐਸ.ਡੀ.ਐਮ. ਨਮਨ ਮਾਰਕੰਨ, ਅਸ਼ੋਕ ਕੁਮਾਰ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਹਰਭਜਨ ਮਾਨ ਦੇ ਦੋਸਤ ਗੁਰਮੁਖ ਸਿੰਘ, ਭਗਵਾਨ ਦਾਸ ਗੁਪਤਾ, ਗੁਰਵਿੰਦਰ ਸਿੰਘ, ਭਵਨਪੁਨੀਤ ਸਿੰਘ ਗੋਲੂ, ਐਮ.ਸੀ. ਹਰਮਨ ਸੰਧੂ, ਮੋਨਿਕਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Read More : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵੱਲੋਂ ‘ਮੇਰੀ ਰਸੋਈ’ ਯੋਜਨਾ ਦੀ ਸ਼ਲਾਘਾ
