ਸ਼੍ਰੀਨਗਰ ਹਵਾਈ ਅੱਡੇ ਦਾ ਹੋਵੇਗਾ ਵਿਕਾਸ, ਕੱਚੇ ਜੂਟ ਦੇ ਐਮ.ਐਸ.ਪੀ. ਵਿੱਚ ਵਾਧਾ ਅਤੇ ਰੇਲਵੇ ਦੇ 3 ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 24 ਫਰਵਰੀ : ਕੇਂਦਰੀ ਮੰਤਰੀ ਮੰਡਲ ਨੇ ਅੱਜ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਨਵੇਂ ਪ੍ਰਧਾਨ ਮੰਤਰੀ ਦਫ਼ਤਰ ਭਵਨ ‘ਸੇਵਾ ਤੀਰਥ’ ਵਿੱਚ ਹੋਈ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੇਰਲ ਦਾ ਨਾਂ ਬਦਲਣ ਸਮੇਤ ਕਈ ਵਿਕਾਸ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਪੱਤਰਕਾਰ ਸੰਮੇਲਨ ਦੌਰਾਨ ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਦਿੱਤੀ।
ਮੁੱਖ ਫੈਸਲੇ ਇਸ ਪ੍ਰਕਾਰ ਹਨ:
ਕੇਂਦਰ ਸਰਕਾਰ ਨੇ ਕੇਰਲ ਦਾ ਨਾਂ ਬਦਲ ਕੇ ‘ਕੇਰਲਮ’ ਕਰਨ ਦੇ ਸੂਬਾ ਸਰਕਾਰ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਰਲ ਵਿਧਾਨ ਸਭਾ ਨੇ 24 ਜੂਨ 2024 ਨੂੰ ਇਸ ਸਬੰਧੀ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਸੀ। ਇਹ ਫੈਸਲਾ ਸੂਬੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ।
ਸ਼੍ਰੀਨਗਰ ਹਵਾਈ ਅੱਡੇ ‘ਤੇ 1,677 ਕਰੋੜ ਰੁਪਏ ਦੀ ਲਾਗਤ ਨਾਲ ‘ਸਿਵਲ ਐਨਕਲੇਵ’ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਨਵਾਂ ਪ੍ਰਾਜੈਕਟ 73.18 ਏਕੜ ਵਿੱਚ ਫੈਲਿਆ ਹੋਵੇਗਾ ਅਤੇ ਇਸ ਦੀ ਨਵੀਂ ਟਰਮੀਨਲ ਇਮਾਰਤ 71,500 ਵਰਗ ਮੀਟਰ ਵਿੱਚ ਬਣੇਗੀ, ਜੋ ਭੀੜ ਵਾਲੇ ਸਮੇਂ ਦੌਰਾਨ 2,900 ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖੇਗੀ।
ਕਿਸਾਨਾਂ ਨੂੰ ਰਾਹਤ ਦਿੰਦਿਆਂ ਮੰਤਰੀ ਮੰਡਲ ਨੇ ਸੈਸ਼ਨ 2026-27 ਲਈ ਕੱਚੇ ਜੂਟ ਦੇ ਐਮ.ਐਸ.ਪੀ. ਵਿੱਚ 275 ਰੁਪਏ ਦਾ ਵਾਧਾ ਕੀਤਾ ਹੈ। ਹੁਣ ਇਸ ਦਾ ਨਵਾਂ ਮੁੱਲ 5,925 ਰੁਪਏ ਪ੍ਰਤੀ ਕੁਇੰਟਲ ਹੋਵੇਗਾ, ਜੋ ਕਿ ਉਤਪਾਦਨ ਲਾਗਤ ਨਾਲੋਂ 61.8 ਫੀਸਦੀ ਵੱਧ ਲਾਭ ਯਕੀਨੀ ਬਣਾਏਗਾ।
ਰੇਲ ਮੰਤਰਾਲੇ ਦੇ ਤਿੰਨ ਵੱਡੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 9,072 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਗੋਂਦੀਆ-ਜਬਲਪੁਰ ਸੈਕਸ਼ਨ ਨੂੰ ਦੋਹਰਾ ਕਰਨਾ। ਪੁਨਾਰਖ-ਕਿਊਲ ਅਤੇ ਗਮਹਰੀਆ-ਚਾਂਡਿਲ ਸੈਕਸ਼ਨਾਂ ਵਿੱਚ ਤੀਜੀ ਅਤੇ ਚੌਥੀ ਲਾਈਨ ਵਿਛਾਉਣਾ।
ਇਨ੍ਹਾਂ ਨਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ 8 ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ ਅਤੇ ਰੇਲਵੇ ਨੈੱਟਵਰਕ ਵਿੱਚ 307 ਕਿਲੋਮੀਟਰ ਦਾ ਵਾਧਾ ਹੋਵੇਗਾ।
Read More : ਸਰਕਾਰੀ ਚੌਲ ਵੇਚ ਕੇ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਇੰਸਪੈਕਟਰ ਅਤੇ ਗੋਦਾਮ ਮਾਲਕ ਨੂੰ 5 ਸਾਲ ਕੈਦ
