ਅਲੀਪੁਰ ਫਾਟਕ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ; ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਸਨ
ਮੁਕੇਰੀਆਂ, 24 ਫਰਵਰੀ : ਜਲੰਧਰ-ਪਠਾਨਕੋਟ ਰੇਲਵੇ ਟਰੈਕ ’ਤੇ ਮੁਕੇਰੀਆਂ ਨੇੜੇ ਬੀਤੀ ਦੇਰ ਰਾਤ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਮੁਕੇਰੀਆਂ ਤੋਂ ਲਗਭਗ 6 ਕਿਲੋਮੀਟਰ ਦੂਰ ਸਥਿਤ ਅਲੀਪੁਰ ਫਾਟਕ ਨੇੜੇ ਵਾਪਰਿਆ।
ਮੁਕੇਰੀਆਂ ਰੇਲਵੇ ਚੌਕੀ ਦੇ ਇੰਚਾਰਜ ਏ.ਐੱਸ.ਆਈ. ਮਲਕੀਤ ਸਿੰਘ ਬਾਜਵਾ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਮਜ਼ਦੂਰ ਰੇਲਵੇ ਲਾਈਨ ਪਾਰ ਕਰ ਰਹੇ ਸਨ, ਜਿਸ ਦੌਰਾਨ ਉਹ ਤੇਜ਼ ਰਫ਼ਤਾਰ ਰੇਲਗੱਡੀ ਦੀ ਲਪੇਟ ਵਿੱਚ ਆ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚੰਦਨ ਪਾਸਵਾਨ (37) ਪੁੱਤਰ ਗਣੇਸ਼ੀ ਪਾਸਵਾਨ, ਵਾਸੀ ਖੁਥਰਾ (ਬਿਹਾਰ) ਅਤੇ ਰਾਜਨ ਰਿਸ਼ੀ (40) ਪੁੱਤਰ ਨੰਕੂ ਰਿਸ਼ੀ, ਵਾਸੀ ਪੂਰਨੀਆ (ਬਿਹਾਰ) ਵਜੋ ਹੋਈ।
ਰੇਲਵੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Read More : ਪਾਕਿਸਤਾਨ ਰਾਹੀਂ ਵਿਦੇਸ਼ੀ ਤਾਕਤਾਂ ਡਰੋਨਾਂ ਨਾਲ ਭੇਜ ਰਹੀਆਂ ਨਸ਼ਾ ਤੇ ਹਥਿਆਰ : ਕਟਾਰੀਆ
