6 ਸਾਲਾਂ ਦੀ ਲੰਮੀ ਉਡੀਕ ਖ਼ਤਮ; 5 ਓ.ਆਰ.ਪੀ. ਅਧਿਕਾਰੀ ਹੋਣਗੇ ਰੈਗੂਲਰ ਅਤੇ 3 ਇੰਸਪੈਕਟਰਾਂ ਨੂੰ ਮਿਲੇਗੀ ਤਰੱਕੀ
ਚੰਡੀਗੜ੍ਹ, 24 ਫਰਵਰੀ : ਚੰਡੀਗੜ੍ਹ ਪ੍ਰਸ਼ਾਸਨ ਨੇ ਪੁਲਿਸ ਵਿਭਾਗ ਵਿੱਚ ਡੀ.ਐਸ.ਪੀ. (ਡਿਪਟੀ ਸੁਪਰਡੈਂਟ ਆਫ਼ ਪੁਲਿਸ) ਦੀਆਂ ਅੱਠ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲਗਭਗ ਛੇ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ।
ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਤਰੱਕੀ ਨਾਲ ਸਬੰਧਤ ਫਾਈਲ ਨੂੰ ਮਨਜ਼ੂਰੀ ਦੇ ਕੇ ਅਗਲੀ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਭੇਜ ਦਿੱਤਾ ਹੈ। ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਪ੍ਰਸਤਾਵ ਜਲਦ ਤੋਂ ਜਲਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC), ਦਿੱਲੀ ਨੂੰ ਭੇਜਿਆ ਜਾਵੇ।
ਤਰੱਕੀ ਦੀ ਪ੍ਰਕਿਰਿਆ ਅਤੇ ਯੂ.ਪੀ.ਐੱਸ.ਸੀ. ਦੀ ਭੂਮਿਕਾ
ਡੀ.ਐਸ.ਪੀ. ਅਹੁਦਿਆਂ ‘ਤੇ ਤਰੱਕੀ ਲਈ ਇੱਕ ਵਿਭਾਗੀ ਤਰੱਕੀ ਕਮੇਟੀ (DPC) ਦੀ ਬੈਠਕ ਹੋਣੀ ਲਾਜ਼ਮੀ ਹੈ, ਜਿਸ ਲਈ ਯੂ.ਪੀ.ਐੱਸ.ਸੀ. ਵੱਲੋਂ ਇੱਕ ਮੈਂਬਰ ਨਿਯੁਕਤ ਕੀਤਾ ਜਾਵੇਗਾ। ਇੱਕ ਵਾਰ ਯੂ.ਪੀ.ਐਸ.ਸੀ. ਤੋਂ ਫਾਈਲ ਕਲੀਅਰ ਹੋਣ ਤੋਂ ਬਾਅਦ, ਮੁੱਖ ਸਕੱਤਰ ਡੀ.ਪੀ.ਸੀ. ਦਾ ਸ਼ਡਿਊਲ ਤੈਅ ਕਰਨਗੇ ਅਤੇ ਬੈਠਕ ਤੋਂ ਤੁਰੰਤ ਬਾਅਦ ਤਰੱਕੀ ਦੇ ਰਸਮੀ ਹੁਕਮ ਜਾਰੀ ਕਰ ਦਿੱਤੇ ਜਾਣਗੇ। ਚੰਡੀਗੜ੍ਹ ਪੁਲਿਸ ਨੇ ਖ਼ਦਸ਼ਾ ਜਤਾਇਆ ਸੀ ਕਿ ਜੇਕਰ ਇਹ ਅਸਾਮੀਆਂ ਜਲਦ ਨਾ ਭਰੀਆਂ ਗਈਆਂ ਤਾਂ ਇਹ ਖਤਮ ਹੋ ਸਕਦੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਨੇ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਮਿਲੇਗੀ ਤਰੱਕੀ
ਇਸ ਫੈਸਲੇ ਨਾਲ ਓ.ਆਰ.ਪੀ. ਰੈਂਕ ‘ਤੇ ਸੇਵਾ ਨਿਭਾ ਰਹੇ ਪੰਜ ਅਧਿਕਾਰੀਆਂ— ਦਲਬੀਰ ਸਿੰਘ ਭਿੰਡਰ, ਪ੍ਰਕਾਸ਼, ਮੰਜੂ ਸ਼ਰਮਾ, ਜਸਵਿੰਦਰ ਕੌਰ ਅਤੇ ਗੁਰਜੀਤ ਕੌਰ ਨੂੰ ਰੈਗੂਲਰ ਡੀ.ਐਸ.ਪੀ. ਵਜੋਂ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਤਿੰਨ ਇੰਸਪੈਕਟਰਾਂ— ਇੰਸਪੈਕਟਰ ਨੀਰਜ ਸਰਨਾ, ਇੰਸਪੈਕਟਰ ਰਣਜੋਤ ਸਿੰਘ ਅਤੇ ਇੰਸਪੈਕਟਰ ਸੁਖਦੀਪ ਸਿੰਘ ਨੂੰ ਇੰਸਪੈਕਟਰ ਰੈਂਕ ਤੋਂ ਸਿੱਧੇ ਡੀ.ਐਸ.ਪੀ. ਵਜੋਂ ਤਰੱਕੀ ਦਿੱਤੀ ਜਾਵੇਗੀ।
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਤਰੱਕੀ ਦੀ ਉਡੀਕ ਕਰ ਰਹੇ ਇਨ੍ਹਾਂ ਅਧਿਕਾਰੀਆਂ ਨੂੰ ਜਲਦ ਹੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਇਸ ਫੈਸਲੇ ਨਾਲ ਜਿੱਥੇ ਮੁਲਾਜ਼ਮਾਂ ਦਾ ਮਨੋਬਲ ਵਧੇਗਾ, ਉੱਥੇ ਹੀ ਚੰਡੀਗੜ੍ਹ ਪੁਲਿਸ ਦੇ ਕੰਮਕਾਜ ਵਿੱਚ ਵੀ ਹੋਰ ਮਜ਼ਬੂਤੀ ਆਉਣ ਦੀ ਉਮੀਦ ਹੈ।
Read More : ਚੇਅਰਮੈਨ ਜਸਵੀਰ ਗੜ੍ਹੀ ਵੱਲੋਂ ਐੱਸ.ਸੀ. ਮੁਲਾਜ਼ਮ ਜਥੇਬੰਦੀਆਂ ਨਾਲ ਅਹਿਮ ਮੀਟਿੰਗ
