ਲੁਧਿਆਣਾ

ਸਾਢੇ 7 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਦੋ ਵੱਖ-ਵੱਖ ਮਾਮਲਿਆਂ ’ਚ ਹੋਈ ਕਾਰਵਾਈ, ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹੈ ਹਥਿਆਰ ਕਾਨੂੰਨ ਦਾ ਕੇਸ

ਲੁਧਿਆਣਾ, 24 ਫਰਵਰੀ : ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਲੁਧਿਆਣਾ ਇਕਾਈ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਸਾਢੇ 7 ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਦੋ ਵੱਖ-ਵੱਖ ਮਾਮਲਿਆਂ ’ਚ ਅਮਲ ’ਚ ਲਿਆਂਦੀ ਗਈ।

ਟਾਸਕ ਫੋਰਸ ਦੀ ਏ.ਆਈ.ਜੀ. ਵਤਸਲਾ ਗੁਪਤਾ ਨੇ ਦੱਸਿਆ ਿਕ ਪਹਿਲੇ ਮਾਮਲੇ ’ਚ ਥਾਣੇਦਾਰ ਭੁਪਿੰਦਰ ਸਿੰਘ ਦੀ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਤਸਕਰਾਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 753 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਅਤੇ ਮਨਿੰਦਰ ਸਿੰਘ ਵਾਸੀ ਪਿੰਡ ਭੀਲ (ਕਪੂਰਥਲਾ) ਵਜੋਂ ਹੋਈ ਹੈ। ਸੰਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਹਥਿਆਰ ਕਾਨੂੰਨ (ਆਰਮਜ਼ ਐਕਟ) ਦਾ ਇਕ ਕੇਸ ਦਰਜ ਹੈ ਅਤੇ ਉਹ ਫਿਲਹਾਲ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ।

ਦੂਜੇ ਮਾਮਲੇ ’ਚ ਸਬ-ਇੰਸਪੈਕਟਰ ਨਰੇਸ਼ ਕੁਮਾਰ ਦੀ ਪੁਲਸ ਟੀਮ ਨੇ ਬਲਾਚੌਰ-ਗੜ੍ਹਸ਼ੰਕਰ ਰੋਡ ’ਤੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਕੋਲੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਦੀ ਪਛਾਣ ਗੁਰਨੇਕ ਸਿੰਘ ਉਰਫ਼ ਗਗਨੀ ਵਾਸੀ ਪਿੰਡ ਮਜਾਰੀ (ਹੁਸ਼ਿਆਰਪੁਰ) ਵਜੋਂ ਹੋਈ ਹੈ।

 ਪੁਲਸ ਨੇ ਦੱਸਿਆ ਿਕ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਮੋਹਾਲੀ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਪੁਲਸ ਥਾਣੇ ’ਚ ਕੇਸ ਦਰਜ ਕਰ ਲਏ ਗਏ ਹਨ।

Read More : ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਚਿੱਤ ਕੀਤਾ; ਮੈਚ ‘ਚ ਲੱਗੇ 31 ਛੱਕੇ

Leave a Reply

Your email address will not be published. Required fields are marked *