ਵਿਲ ਜੈਕਸ ਅਤੇ ਜੋਫਰਾ ਆਰਚਰ ਦੀ ਘਾਤਕ ਗੇਂਦਬਾਜ਼ੀ ਅੱਗੇ ਢੇਰ ਹੋਈ ਸ਼੍ਰੀਲੰਕਾਈ ਟੀਮ
ਖੇਡ ਡੈਸਕ, 22 ਫਰਵਰੀ : ਟੀ-20 ਵਿਸ਼ਵ ਕੱਪ ਦੇ ਸੁਪਰ-8 ਪੜਾਅ ਦੇ ਇੱਕ ਅਹਿਮ ਮੁਕਾਬਲੇ ਵਿੱਚ ਅੱਜ ਇੰਗਲੈਂਡ ਨੇ ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਸਾਹਮਣੇ ਜਿੱਤ ਲਈ 147 ਦੌੜਾਂ ਦਾ ਟੀਚਾ ਰੱਖਿਆ।
147 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਇੰਗਲੈਂਡ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ। ਸ਼੍ਰੀਲੰਕਾ ਦੀ ਪੂਰੀ ਟੀਮ 16.4 ਓਵਰਾਂ ਵਿੱਚ ਮਹਿਜ਼ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ਼੍ਰੀਲੰਕਾ ਵੱਲੋਂ ਦਾਸੁਨ ਸ਼ਨਾਕਾ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ, ਪਰ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਮੈਦਾਨ ‘ਤੇ ਜ਼ਿਆਦਾ ਦੇਰ ਨਹੀਂ ਟਿਕ ਸਕਿਆ।
ਇੰਗਲੈਂਡ ਦੀ ਜਿੱਤ ਵਿੱਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਵਿਲ ਜੈਕਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਜੋਫਰਾ ਆਰਚਰ, ਲਿਆਮ ਡਾਸਨ ਅਤੇ ਆਦਿਲ ਰਾਸ਼ਿਦ ਨੇ 2-2 ਵਿਕਟਾਂ ਲਈਆਂ, ਜਦਕਿ ਜੈਮੀ ਓਵਰਟਨ ਦੇ ਹਿੱਸੇ 1 ਵਿਕਟ ਆਈ। ਇਸ ਜਿੱਤ ਨਾਲ ਇੰਗਲੈਂਡ ਨੇ ਸੁਪਰ-8 ਦੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
Read More : ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਮੋਹਾਲੀ ‘ਚ ‘ਵੈਲਕਮ ਹੋਟਲ’ ਦਾ ਉਦਘਾਟਨ
