ਟੀ-20 ਵਿਸ਼ਵ ਕੱਪ ‘ਚ ਭਾਰਤੀ ਮੂਲ ਦੇ ਖਿਡਾਰੀਆਂ ਦਾ ਦਬਦਬਾ; ‘ਡਿਜੀਟਲ ਗ੍ਰਿਫ਼ਤਾਰੀ’ ਤੋਂ ਬਚਣ ਲਈ ਕੀਤਾ ਜਾਗਰੂਕ
ਨਵੀਂ ਦਿੱਲੀ, 22 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 131ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖੇਡਾਂ, ਮਾਨਵਤਾ, ਡਿਜੀਟਲ ਸੁਰੱਖਿਆ ਅਤੇ ਖੇਤੀਬਾੜੀ ਨਾਲ ਜੁੜੇ ਕਈ ਅਹਿਮ ਪਹਿਲੂਆਂ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚ ਭਾਰਤੀ ਮੂਲ ਦੇ ਖਿਡਾਰੀ ਚਮਕ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਟੀਮ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ, ਜਿਨ੍ਹਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ ਸੀ, ਦਾ ਜ਼ਿਕਰ ਕਰਦਿਆਂ ਉਨ੍ਹਾਂ ਮਾਣ ਮਹਿਸੂਸ ਕੀਤਾ। ਇਸੇ ਤਰ੍ਹਾਂ ਅਮਰੀਕਾ ਦੀ ਟੀਮ ਵਿੱਚ ਭਾਰਤ ਦੇ ਘਰੇਲੂ ਕ੍ਰਿਕਟ ਦੇ ਕਈ ਤਜਰਬੇਕਾਰ ਖਿਡਾਰੀ ਸ਼ਾਮਲ ਹਨ ਜੋ ਆਪਣੇ ਪਰਿਵਾਰਾਂ ਨਾਲ ਉੱਥੇ ਵਸੇ ਹੋਏ ਹਨ।
ਭਾਵੁਕ ਹੁੰਦਿਆਂ ਪ੍ਰਧਾਨ ਮੰਤਰੀ ਨੇ ਕੇਰਲ ਦੀ ਮਾਸੂਮ ਬੱਚੀ ਆਲੀਨ ਸ਼ੇਰੀਨ ਅਬ੍ਰਾਹਮ ਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬੱਚੇ ਨੂੰ ਗੁਆਉਣ ਦਾ ਦਰਦ ਅਸਹਿ ਹੁੰਦਾ ਹੈ, ਪਰ ਸ਼ੇਰੀਨ ਦੇ ਮਾਤਾ-ਪਿਤਾ ਨੇ ਵੱਡਾ ਜਿਗਰਾ ਦਿਖਾਉਂਦੇ ਹੋਏ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਕਈ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਮਿਲੀ।
ਸਾਈਬਰ ਅਪਰਾਧਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਪੀ.ਐੱਮ. ਮੋਦੀ ਨੇ ‘ਡਿਜੀਟਲ ਗ੍ਰਿਫ਼ਤਾਰੀ’ ਦੇ ਖ਼ਤਰਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇ.ਵਾਈ.ਸੀ. (KYC) ਸਬੰਧੀ ਫਰਜ਼ੀ ਕਾਲਾਂ ਤੋਂ ਸੁਚੇਤ ਰਹਿਣ ਅਤੇ ਡਿਜੀਟਲ ਧੋਖਾਧੜੀ ਤੋਂ ਬਚਣ ਲਈ ਸਮੇਂ-ਸਮੇਂ ‘ਤੇ ਆਪਣੇ ਏ.ਟੀ.ਐਮ. ਅਤੇ ਹੋਰ ਡਿਜੀਟਲ ਪਾਸਵਰਡ ਬਦਲਦੇ ਰਹਿਣ।
ਖੇਤੀਬਾੜੀ ਦੇ ਖੇਤਰ ਵਿੱਚ ਉਡੀਸ਼ਾ ਦੇ ਨੌਜਵਾਨ ਕਿਸਾਨ ਹੀਰੋਦ ਪਟੇਲ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਸ਼ਿਵ ਸ਼ੰਕਰ ਪਟੇਲ ਨਾਲ ਰਵਾਇਤੀ ਝੋਨੇ ਦੀ ਖੇਤੀ ਛੱਡ ਕੇ ਨਵੀਂ ਤਕਨੀਕ ਅਪਣਾਈ। ਹੀਰੋਦ ਨੇ ਓਨੀ ਹੀ ਜ਼ਮੀਨ ਵਿੱਚ ਵੱਖ-ਵੱਖ ਫ਼ਸਲਾਂ ਉਗਾ ਕੇ ਮੁਨਾਫ਼ਾ ਵਧਾਇਆ ਹੈ, ਜਿਸ ਨੂੰ ਦੇਖਣ ਲਈ ਹੁਣ ਦੂਰ-ਦੂਰ ਤੋਂ ਕਿਸਾਨ ਆ ਰਹੇ ਹਨ।
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਜ਼ਿਕਰ ਕਰਦਿਆਂ ਪੀ.ਐਮ. ਨੇ ਕਿਹਾ ਕਿ ਉਨ੍ਹਾਂ ਦੀ ਸਮਾਜ ਭਲਾਈ ਪ੍ਰਤੀ ਸੋਚ ਬਹੁਤ ਸਪੱਸ਼ਟ ਸੀ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ‘ਅੰਮਾ’ ਜੈਲਲਿਤਾ ਗੁਜਰਾਤ ਵਿੱਚ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹਾਂ ਵਿੱਚ ਸ਼ਾਮਲ ਹੋਈ ਸੀ। ਉਨ੍ਹਾਂ ਕਿਹਾ ਕਿ ਜੈਲਲਿਤਾ ਦਾ ਨਾਂ ਅੱਜ ਵੀ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਂਦਾ ਹੈ।
Read More : ਫਾਜ਼ਿਲਕਾ ਦੇ ਬਸਤੀ ਹਜ਼ੂਰ ਸਕੂਲ ਦੀ ਬਦਲੇਗੀ ਨੁਹਾਰ : ਸਿੱਖਿਆ ਮੰਤਰੀ ਵੱਲੋਂ ਨਵੀਂ ਇਮਾਰਤ ਉਸਾਰਨ ਦੇ ਹੁਕਮ
