6 ਮਹੀਨਿਆਂ ‘ਚ ਤਿਆਰ ਹੋਵੇਗੀ ਸ਼ਾਨਦਾਰ ਬਿਲਡਿੰਗ; ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼
ਫਾਜ਼ਿਲਕਾ, 22 ਫਰਵਰੀ : ਫਾਜ਼ਿਲਕਾ ਦੇ ਬਸਤੀ ਹਜ਼ੂਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਖ਼ਸਤਾ ਹਾਲਤ ਇਮਾਰਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਸਿੱਖਿਆ ਮੰਤਰੀ ਨੇ ਸਕੂਲ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਨਵੀਂ ਇਮਾਰਤ ਦੀ ਉਸਾਰੀ ਦੇ ਹੁਕਮ ਜਾਰੀ ਕੀਤੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲ ਦੀ ਨਵੀਂ ਇਮਾਰਤ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਬੱਚਿਆਂ ਨੂੰ ਇੱਕ ਆਧੁਨਿਕ ਅਤੇ ਸੁਰੱਖਿਅਤ ਇਮਾਰਤ ਮਿਲੇਗੀ। ਮੰਤਰੀ ਬੈਂਸ ਨੇ ਕਿਹਾ, “ਮੈਂ ਨਿੱਜੀ ਤੌਰ ‘ਤੇ ਇਸ ਪ੍ਰੋਜੈਕਟ ਦੀ ਨਿਗਰਾਨੀ ਕਰਾਂਗਾ ਅਤੇ ਜਲਦ ਹੀ ਖ਼ੁਦ ਜਾ ਕੇ ਸਕੂਲ ਦੀ ਸਥਿਤੀ ਦਾ ਨਿਰੀਖਣ ਕਰਾਂਗਾ।”
ਸੂਬੇ ਦੇ ਸਕੂਲੀ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲਗਭਗ 20,000 ਸਰਕਾਰੀ ਸਕੂਲਾਂ ਵਿੱਚੋਂ ਜ਼ਿਆਦਾਤਰ ਸਕੂਲ ਪਿਛਲੀਆਂ ਸਰਕਾਰਾਂ ਦੀ ਦਹਾਕਿਆਂ ਦੀ ਅਣਗਹਿਲੀ ਕਾਰਨ ਖ਼ਸਤਾ ਹਾਲਤ ਵਿੱਚ ਮਿਲੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਪੁਰਾਣੀ ਵਿਰਾਸਤ ਨੂੰ ਸੁਧਾਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸੈਂਕੜੇ ਸਕੂਲਾਂ ਦੀ ਨੁਹਾਰ ਬਦਲੀ ਜਾ ਚੁੱਕੀ ਹੈ ਅਤੇ ਇਹ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨ ਦੇ ਮਿਸ਼ਨ ‘ਤੇ ਹੈ ਅਤੇ ਪੂਰੀ ਪਾਰਦਰਸ਼ਤਾ ਤੇ ਵਚਨਬੱਧਤਾ ਨਾਲ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਵੱਲ ਕਦਮ ਵਧਾ ਰਹੀ ਹੈ।
Read More : ਫ਼ਰੀਦਕੋਟ ਪੁਲਿਸ ਦੀ ਵੱਡੀ ਸਫ਼ਲਤਾ : ਫ਼ੌਜੀ ਤੇ ਬਰਖ਼ਾਸਤ ਪੁਲਿਸ ਮੁਲਾਜ਼ਮ ਸਣੇ 6 ਗ੍ਰਿਫ਼ਤਾਰ
