AAP-Protest

ਅੰਮ੍ਰਿਤਸਰ ‘ਚ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਰੋਧ; ‘ਆਪ’ ਆਗੂਆਂ ਨੇ ਦਿਖਾਏ ਕਾਲੇ ਝੰਡੇ

ਜੀਵਨਜੋਤ ਕੌਰ ਅਤੇ ਨੀਲ ਗਰਗ ਨੇ ਭਾਜਪਾ ਨੂੰ ਲਿਆ ਲੰਮੇ ਹੱਥੀਂ

ਅੰਮ੍ਰਿਤਸਰ, 22 ਫਰਵਰੀ : ਅੰਮ੍ਰਿਤਸਰ ਫੇਰੀ ‘ਤੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਉਸ ਵੇਲੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਵੱਡੀ ਗਿਣਤੀ ਵਿਚ ਆਗੂਆਂ ਨੇ ਉਨ੍ਹਾਂ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ। ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ‘ਆਪ’ ਆਗੂਆਂ ਨੇ ਦਾਣਾ ਮੰਡੀ ਰੈਲੀ ਵਾਲੀ ਥਾਂ ਦੇ ਬਾਹਰ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਹਲਕਾ ਵਿਧਾਇਕ ਜੀਵਨਜੋਤ ਕੌਰ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਅਤੇ ਵਿਧਾਇਕ ਡਾ. ਅਜੇ ਗੁਪਤਾ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, ਲੋਕ ਸਭਾ ਇੰਚਾਰਜ ਜਸਕਰਨ ਬਦੇਸ਼ਾ, ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਡਾ. ਇੰਦਰਪਾਲ, ਗੁਰਦਰਸ਼ਨ ਸਿੰਘ ਗੋਲਡੀ, ਵਰਿੰਦਰ ਸਿੰਘ, ਸਤਨਾਮ ਸਿੰਘ ਮਠਾਰੂ, ਮਨਦੀਪ ਮੋਂਗਾ, ਬਲਬੀਰ ਬੋਪਾਰਾਏ, ਵਿਸਾਖਾ ਸਿੰਘ, ਰਮਨ ਕੁਮਾਰ, ਰਾਜਬੀਰ ਸਿੰਘ, ਲਵਪ੍ਰੀਤ ਸਿੰਘ, ਲਖਬੀਰ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਕਟਾਰੀਆ, ਵਰਿੰਦਰ ਸਿੰਘ, ਗੌਰਵ ਅਗਰਵਾਲ, ਸਤਪਾਲ ਸੋਖੀ, ਕਾਮਨਾ ਆਨੰਦ, ਬੌਬੀ ਬਾਵਾ, ਵਿਕਰਮਜੀਤ ਵਿੱਕੀ, ਬਲਜੀਤ ਸਿੰਘ ਰਿੰਕੂ, ਸੁਖਚੈਨ ਸਿੰਘ ਤਲਵੰਡੀ, ਬਲਜੀਤ ਕੁਮਾਰ, ਅਤੇ ਅਸ਼ੋਕ ਕੁਮਾਰ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਵਿਧਾਇਕਾ ਜੀਵਨਜੋਤ ਕੌਰ ਨੇ ਭਾਜਪਾ ‘ਤੇ ਸਵਾਲ ਚੁੱਕਦਿਆਂ ਕਿਹਾ, “ਕੇਂਦਰ ਸਰਕਾਰ ਨੇ ਪੰਜਾਬ ਦੇ ਸਿਹਤ, ਸਿੱਖਿਆ ਅਤੇ ਪੇਂਡੂ ਵਿਕਾਸ ਦੇ ਫੰਡ ਰੋਕ ਕੇ ਸੂਬੇ ਨਾਲ ਵਿਤਕਰਾ ਕੀਤਾ ਹੈ। ਭਾਜਪਾ ਕਿਸ ਮੂੰਹ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਆ ਰਹੀ ਹੈ? ਪੰਜਾਬੀ ਉਨ੍ਹਾਂ ਦੇ ਕਿਸਾਨ ਅਤੇ ਵਪਾਰ ਵਿਰੋਧੀ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ।”

‘ਆਪ’ ਆਗੂ ਨੀਲ ਗਰਗ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੇ ਸੂਬੇ (ਹਰਿਆਣਾ) ਵੱਲ ਧਿਆਨ ਦੇਣ। ਉਨ੍ਹਾਂ ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ, ਹਰਿਆਣਾ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਅਤ ਹੈ। ਗਰਗ ਨੇ ਦਾਅਵਾ ਕੀਤਾ ਕਿ 2023-24 ਦੌਰਾਨ ਹਰਿਆਣਾ ਵਿੱਚ ਕਤਲ ਅਤੇ ਔਰਤਾਂ ਵਿਰੁੱਧ ਅਪਰਾਧਾਂ ਦੀ ਦਰ ਪੰਜਾਬ ਨਾਲੋਂ ਕਾਫੀ ਜ਼ਿਆਦਾ ਰਹੀ ਹੈ।

ਭਾਜਪਾ ਵੱਲੋਂ ਕਿਸਾਨੀ ਕਰਜ਼ੇ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਨੂੰ ਨਕਾਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਭਾਜਪਾ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਲਾਭ ਲਈ ਕੀਤੇ ਜਾ ਰਹੇ ਅਜਿਹੇ ਝੂਠੇ ਪ੍ਰਚਾਰ ਵਿੱਚ ਨਹੀਂ ਆਉਣਗੇ।

Read More : ਪੁਲਿਸ ਦੀ ਵੱਡੀ ਕਾਰਵਾਈ: ਸਰਪੰਚ ਹਰਬਰਿੰਦਰ ਕਤਲ ਕਾਂਡ ਦੇ 2 ਮੁਲਜ਼ਮ ਦਾ ਐਨਕਾਊਂਟਰ

Leave a Reply

Your email address will not be published. Required fields are marked *