ਪਿਸਤੌਲ ਅਤੇ ਮੋਟਰਸਾਈਕਲ ਬਰਾਮਦ
ਤਰਨ ਤਾਰਨ, 22 ਫਰਵਰੀ : ਤਰਨ ਤਾਰਨ ਪੁਲਿਸ ਨੇ ਬੀਤੇ ਦਿਨੀਂ ‘ਸਿੱਧੂ ਫਾਰਮ’ ਵਿਖੇ ਹੋਏ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿੰਡ ਨੌਸ਼ਹਿਰਾ ਪੰਨੂਆ ਦੇ ਸੂਏ ਨਜ਼ਦੀਕ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਹੋਏ ਸਿੱਧੇ ਮੁਕਾਬਲੇ (ਐਨਕਾਊਂਟਰ) ਵਿੱਚ ਦੋ ਮੁਲਜ਼ਮ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਥਾਣਾ ਸਰਹਾਲੀ ਅਤੇ ਏ.ਜੀ.ਟੀ.ਐਫ. (AGTF) ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਜਦੋਂ ਪੁਲਿਸ ਪਾਰਟੀ ਨੌਸ਼ਹਿਰਾ ਪੰਨੂਆ ਦੇ ਸੂਏ ਕੋਲ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਇੱਕ ਮੁਲਜ਼ਮ ਦੀ ਲੱਤ ਅਤੇ ਦੂਜੇ ਦੇ ਗੋਡੇ ‘ਤੇ ਲੱਗੀ।
ਉਨ੍ਹਾਂ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ (ਦੋਵੇਂ ਵਾਸੀ ਚੋਹਲਾ ਸਾਹਿਬ) ਵਜੋਂ ਹੋਈ ਹੈ। ਐਸ.ਐਸ.ਪੀ. ਲਾਂਬਾ ਅਨੁਸਾਰ, ਸ਼ਰਨਪ੍ਰੀਤ ਸਿੰਘ ਇਸ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ, ਜੋ ਵਾਰਦਾਤ ਸਮੇਂ ਸ਼ੂਟਰਾਂ ਦੇ ਨਾਲ ਮੌਜੂਦ ਸੀ। ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਇਸ ਦੌਰਾਨ ਦੋਵਾਂ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਕਤਲ ਕਾਂਡ ਨਾਲ ਜੁੜੇ ਹੋਰ ਪਹਿਲੂਆਂ ਅਤੇ ਬਾਕੀ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।
Read More : ਦਿਲ ਦਹਿਲਾਉਣ ਵਾਲੀ ਘਟਨਾ : ਬੰਦ ਘਰ ‘ਚੋਂ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ
