ਸ਼ਿਆਮਵੀਰ ਸਿੰਘ ਸਣੇ ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ
ਕਾਸਗੰਜ , 22 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਅਮਨਪੁਰ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਇੱਕ ਬੰਦ ਘਰ ਵਿੱਚੋਂ ਬਰਾਮਦ ਹੋਈਆਂ। ਇਹ ਘਰ ਪਿਛਲੇ ਤਿੰਨ ਦਿਨਾਂ ਤੋਂ ਅੰਦਰੋਂ ਬੰਦ ਸੀ। ਘਰ ਵਿੱਚ ਕੋਈ ਹਲਚਲ ਨਾ ਹੋਣ ਕਾਰਨ ਜਦੋਂ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਪ੍ਰਵੇਸ਼ ਕੀਤਾ ਤਾਂ ਵੱਖ-ਵੱਖ ਥਾਵਾਂ ‘ਤੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਪਈਆਂ ਸਨ।
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸ਼ਿਆਮਵੀਰ ਸਿੰਘ (50) ਵਜੋਂ ਹੋਈ ਹੈ, ਜੋ ਕਿ ਗੁਪਤਾ ਏਜੰਸੀ ਪੈਟਰੋਲ ਪੰਪ ਦੇ ਪਿੱਛੇ ਰਹਿ ਰਿਹਾ ਸੀ। ਮ੍ਰਿਤਕਾਂ ਵਿੱਚ ਸ਼ਿਆਮਵੀਰ ਦੀ ਪਤਨੀ ਸ਼ੀਲਾ (48), ਉਸ ਦੀਆਂ ਦੋ ਧੀਆਂ ਅਕਾਂਕਸ਼ਾ (10) ਤੇ ਪ੍ਰਾਚੀ (12) ਅਤੇ ਪੁੱਤਰ ਗ੍ਰੀਸ਼ (8) ਸ਼ਾਮਲ ਹਨ। ਛੋਟੇ ਬੱਚਿਆਂ ਦੀ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਸ਼ੁਰੂਆਤੀ ਜਾਂਚ ਵਿੱਚ ਮਾਮਲਾ ਸਮੂਹਿਕ ਖ਼ੁਦਕੁਸ਼ੀ ਦਾ ਜਾਪ ਰਿਹਾ ਹੈ। ਸਥਾਨਕ ਪੱਧਰ ‘ਤੇ ਚਰਚਾ ਹੈ ਕਿ ਸ਼ਿਆਮਵੀਰ ਸਿੰਘ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਵੀ ਨਿਗਲ ਲਿਆ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਅਜੇ ਕਿਸੇ ਅੰਤਿਮ ਨਤੀਜੇ ‘ਤੇ ਨਹੀਂ ਪਹੁੰਚਿਆ ਹੈ।
ਜਾਂਚ ਏਜੰਸੀਆਂ ਹਰ ਪਹਿਲੂ ਤੋਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਵਾਕਈ ਸਮੂਹਿਕ ਖ਼ੁਦਕੁਸ਼ੀ ਹੈ ਜਾਂ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
Read More : ਲੁਧਿਆਣਾ ‘ਚ ਖੂਨੀ ਟਕਰਾਅ: ਰੰਜਿਸ਼ ਤਹਿਤ ਨੌਜਵਾਨ ‘ਤੇ ਚਲਾਈ ਗੋਲੀ
