ਜਮਾਲਪੁਰ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਰਾਹੀਂ ਭਾਲ ਜਾਰੀ
ਲੁਧਿਆਣਾ, 22 ਫਰਵਰੀ : ਲੁਧਿਆਣਾ ਦੇ ਜਮਾਲਪੁਰ ਅਧੀਨ ਪੈਂਦੇ ਜੀਟੀਬੀ ਨਗਰ ਦੇ ਭਾਮੀਆਂ ਕਲਾਂ ਇਲਾਕੇ ਵਿਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਦਮਾਸ਼ਾਂ ਦੇ ਇੱਕ ਸਮੂਹ ਨੇ ਰਿਫਲ ਗਾਬਾ ਨਾਮਕ ਨੌਜਵਾਨ ‘ਤੇ ਘਾਤਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ‘ਤੇ ਗੋਲੀ ਵੀ ਚਲਾਈ, ਜੋ ਉਸ ਦੇ ਖੱਬੇ ਪੱਟ ਵਿੱਚ ਲੱਗੀ।
ਜ਼ਖ਼ਮੀ ਦੇ ਭਰਾ ਅਜੈ ਗਾਬਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਰਿਫਲ ਗਾਬਾ ਘਰ ਦੇ ਨੇੜੇ ਇੱਕ ਦੁਕਾਨ ਤੋਂ ਦਹੀਂ ਲੈਣ ਗਿਆ ਸੀ। ਕੁਝ ਹੀ ਮਿੰਟਾਂ ਬਾਅਦ ਘਰ ਦੇ ਬਾਹਰ ਗਾਲੀ-ਗਲੋਚ ਅਤੇ ਸ਼ੋਰ ਸੁਣ ਕੇ ਜਦੋਂ ਅਜੈ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਕੁਝ ਨੌਜਵਾਨਾਂ ਨੇ ਰਿਫਲ ਨੂੰ ਘੇਰਿਆ ਹੋਇਆ ਸੀ ਅਤੇ ਉਸ ਦੀ ਕੁੱਟਮਾਰ ਕਰ ਰਹੇ ਸਨ।
ਅਜੈ ਗਾਬਾ ਅਨੁਸਾਰ, ਇਸੇ ਦੌਰਾਨ ਮੁਲਜ਼ਮ ਰੱਜਤ ਵਰਮਾ ਨੇ ਪਿਸਤੌਲ ਕੱਢ ਕੇ ਰਿਫਲ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਰਿਫਲ ਖੂਨ ਨਾਲ ਲੱਥਪਥ ਹੋ ਕੇ ਸੜਕ ‘ਤੇ ਡਿੱਗ ਪਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਰਿਆਮ ਸਿੰਘ ਅਤੇ ਰੱਜਤ ਵਰਮਾ ਆਪਣੇ ਹੋਰ ਸਾਥੀਆਂ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪਰਿਵਾਰ ਵੱਲੋਂ ਤੁਰੰਤ ਜ਼ਖ਼ਮੀ ਰਿਫਲ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜਮਾਲਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੱਜਤ ਵਰਮਾ ਅਤੇ ਵਰਿਆਮ ਸਿੰਘ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਮਲਾਵਰਾਂ ਦੇ ਭੱਜਣ ਦੇ ਰਸਤੇ ਦੀ ਸ਼ਨਾਖ਼ਤ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ।
Read More : ਭਾਰਤ ਨੂੰ ‘ਤਕਨਾਲੋਜੀ ਦਾ ਭਵਿੱਖ’ ਬਣਨ ਦੀ ਰਾਹ ’ਤੇ ਦੇਖ ਰਹੀ ਹੈ ਦੁਨੀਆ : ਨਰਿੰਦਰ ਮੋਦੀ
