ਉੱਤਰ ਪ੍ਰਦੇਸ਼ ਬਣ ਰਿਹਾ ਹੈ ਸੈਮੀਕੰਡਕਟਰ ਈਕੋਸਿਸਟਮ ਦਾ ਕੇਂਦਰ; ਪੀ.ਐਮ. ਮੋਦੀ ਵੱਲੋਂ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ
ਨਵੀਂ ਦਿੱਲੀ, 22 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦਹਾਕਾ ਭਾਰਤ ’ਚ ਤਕਨਾਲੋਜੀ ਦਾ ਦਹਾਕਾ ਹੋਵੇਗਾ ਅਤੇ ਪੂਰੀ ਦੁਨੀਆ ਇਸ ਨੂੰ ਮੰਨਦੇ ਹੋਏ ਭਾਰਤ ਨੂੰ ਤਕਨਾਲੋਜੀ ਦੇ ਭਵਿੱਖ ਦੇ ਕੇਂਦਰ ਦੇ ਰੂਪ ’ਚ ਦੇਖ ਰਹੀ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨਾ ਸਿਰਫ ਦੇਸ਼ ਦਾ ਵੱਡਾ ਸੂਬਾ ਹੈ, ਸਗੋਂ ਸੈਮੀਕੰਡਕਟਰ ਈਕੋਸਿਸਟਮ ਦਾ ਵੀ ਕੇਂਦਰ ਬਣ ਰਿਹਾ ਹੈ। ਮੋਦੀ ਨੇ ਯਮੁਨਾ ਐਕਸਪ੍ਰੈੱਸ-ਵੇਅ ਉਦਯੋਗਿਕ ਵਿਕਾਸ ਅਥਾਰਟੀ (ਯੀਡਾ) ’ਚ ਆਯੋਜਿਤ ਐੱਚ. ਸੀ. ਐੱਲ.-ਫਾਕਸਕਾਨ ਸਾਂਝੇ ਉੱਦਮ ਪ੍ਰਾਜੈਕਟ ਅਤੇ ਇੰਡੀਆ ਚਿੱਪ ਪ੍ਰਾਈਵੇਟ ਲਿਮਟਿਡ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਭਾਰਤ ਤਕਨਾਲੋਜੀ ਦੇ ਖੇਤਰ ’ਚ ਸਾਫਟਵੇਅਰ ਅਤੇ ਹਾਰਡਵੇਅਰ ਦੋਵਾਂ ਪਹਿਲੂਆਂ ’ਤੇ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵੀ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਦਾ ਵੱਡਾ ਕੇਂਦਰ ਬਣ ਰਿਹਾ ਹੈ। ਐੱਚ. ਸੀ. ਐੱਲ. ਅਤੇ ਫਾਕਸਕਾਨ ਦੀ ਇਹ ਨਵੀਂ ਫੈਕਟਰੀ ਸੂਬੇ ਨੂੰ ਇਕ ਤਕਨਾਲੋਜੀ ਪਾਵਰਹਾਊਸ ਵਜੋਂ ਪਛਾਣ ਦਿਵਾਏਗੀ। ਇਹ ਦਹਾਕਾ ਭਾਰਤ ਦਾ ਟੈੱਕ ਦਹਾਕਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦਹਾਕੇ ’ਚ ਭਾਰਤ ਦੇ ਤਕਨਾਲੋਜੀ ਖੇਤਰ ’ਚ ਕੀਤੇ ਗਏ ਯਤਨ 21ਵੀਂ ਸਦੀ ’ਚ ਦੇਸ਼ ਦੀ ਸਮਰੱਥਾ ਦਾ ਅਧਾਰ ਬਣਨਗੇ। ਭਾਰਤ ਨੂੰ ਚਿੱਪ ਨਿਰਮਾਣ ’ਚ ਆਤਮ-ਨਿਰਭਰ ਬਣਾਉਣ ਲਈ ਦੇਸ਼ ’ਚ ਸੈਮੀਕੰਡਕਟਰ ਈਕੋਸਿਸਟਮ ਦਾ ਵਿਕਾਸ ਜ਼ਰੂਰੀ ਹੈ।
ਮੋਦੀ ਨੇ ਭਾਰਤ ਨੂੰ ਦੁਨੀਆ ਦਾ ਭਰੋਸੇਮੰਦ ਭਾਈਵਾਲ ਦੱਸਿਆ ਅਤੇ ਕਿਹਾ ਕਿ ਭਾਰਤ ਵਰਗਾ ਲੋਕਤੰਤਰੀ ਦੇਸ਼ ਕਿਸੇ ਵੀ ਮੁੱਲ ਲੜੀ ’ਚ ਭਰੋਸੇਮੰਦ ਭਾਈਵਾਲ ਹੈ। ਭਾਰਤ ਦੀ ਵਧਦੀ ਭਾਗੀਦਾਰੀ ਉਸ ਲੜੀ ਨੂੰ ਹੋਰ ਮਜ਼ਬੂਤ ਕਰੇਗੀ। ਅੱਜ ਦੁਨੀਆ ਭਾਰਤ ਨੂੰ ਤਕਨਾਲੋਜੀ ਦੇ ਭਵਿੱਖ ਦੇ ਕੇਂਦਰ ਵਜੋਂ ਦੇਖ ਰਹੀ ਹੈ।
Read More : ਪਾਕਿਸਤਾਨ ’ਚ ਆਤਮਘਾਤੀ ਹਮਲਾ; 2 ਫੌਜੀ ਤੇ 5 ਅੱਤਵਾਦੀ ਮਾਰੇ ਗਏ
