ਚੰਡੀਗੜ੍ਹ, 21 ਫਰਵਰੀ : ਚੰਡੀਗੜ੍ਹ ਦੀ 17 ਸਾਲਾ ਵਿਦਿਆਰਥਣ ਕਨਿਸ਼ਕਾ ਬਿਸ਼ਟ ਨੇ ਫੇਫੜਿਆਂ ਦੀ ਗੰਭੀਰ ਸੋਜ (ਨਮੂਨੀਆ) ਤੋਂ ਪੀੜਤ ਹੋਣ ਅਤੇ 13 ਦਿਨ ਅਤਿ-ਸੰਭਾਲ ਇਕਾਈ (ਆਈ.ਸੀ.ਯੂ.) ਵਿੱਚ ਬਿਤਾਉਣ ਦੇ ਬਾਵਜੂਦ 12ਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਹੈ। ਕਨਿਸ਼ਕਾ ਨੇ 10 ਦਿਨਾਂ ਤੱਕ ਬੇਹੋਸ਼ ਰਹਿਣ ਦੇ ਬਾਵਜੂਦ ਹਾਰ ਨਹੀਂ ਮੰਨੀ ਅਤੇ ਸਾਹ ਸਹਾਇਤਾ ਪ੍ਰਣਾਲੀ (ਆਕਸੀਜਨ ਸਪੋਰਟ) ਨਾਲ ਵ੍ਹੀਲਚੇਅਰ ‘ਤੇ ਪ੍ਰੀਖਿਆ ਕੇਂਦਰ ਪਹੁੰਚੀ।
ਕਨਿਸ਼ਕਾ ਸੈਕਟਰ 26 ਦੇ ਖਾਲਸਾ ਸਕੂਲ ਵਿੱਚ ਪੜ੍ਹਦੀ ਹੈ, ਜਦੋਂ ਕਿ ਉਸ ਦਾ ਕੇਂਦਰ ਮਨੀਮਾਜਰਾ ਦੇ ਇੱਕ ਸਰਕਾਰੀ ਸਕੂਲ ਵਿੱਚ ਸੀ। ਹਰ ਕੋਈ ਕਨਿਸ਼ਕਾ ਦੀ ਹਿੰਮਤ ਅਤੇ ਪੜ੍ਹਾਈ ਪ੍ਰਤੀ ਜਨੂੰਨ ਦੀ ਸ਼ਲਾਘਾ ਕਰ ਰਿਹਾ ਹੈ। ਵੈਦਾਂ (ਡਾਕਟਰਾਂ) ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਸਪੱਸ਼ਟ ਤੌਰ ‘ਤੇ ਆਪਣੇ ਪਿਤਾ ਪ੍ਰੇਮ ਸਿੰਘ ਨੂੰ ਕਿਹਾ, “ਪਿਤਾ ਜੀ, ਮੈਨੂੰ ਆਪਣੀ ਪ੍ਰੀਖਿਆ ਨਹੀਂ ਛੱਡਣੀ ਚਾਹੀਦੀ।”
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਭੌਤਿਕ ਵਿਗਿਆਨ ਦੀ ਪ੍ਰੀਖਿਆ ਸ਼ੁੱਕਰਵਾਰ ਨੂੰ ਸੀ। ਕਨਿਸ਼ਕਾ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਜ਼ਰੂਰੀ ਡਾਕਟਰੀ ਉਪਕਰਨਾਂ ਸਮੇਤ ਪ੍ਰੀਖਿਆ ਕੇਂਦਰ ਪਹੁੰਚੀ। ਕਨਿਸ਼ਕਾ ਗੈਰ-ਚਿਕਿਤਸਾ (ਨਾਨ-ਮੈਡੀਕਲ) ਵਿਸ਼ੇ ਦੀ ਵਿਦਿਆਰਥਣ ਹੈ। ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਖੰਘ ਅਤੇ ਜ਼ੁਕਾਮ ਹੋਇਆ ਸੀ, ਜੋ ਬਾਅਦ ਵਿੱਚ ਗੰਭੀਰ ਰੂਪ ਧਾਰਨ ਕਰ ਗਿਆ।
ਹਸਪਤਾਲ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਨ ਨੇ ਸਾਂਝੇ ਤੌਰ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ। ਲੋੜ ਪੈਣ ‘ਤੇ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਮਾਹਿਰਾਂ ਦੀ ਇੱਕ ਟੋਲੀ ਉਸ ਦੇ ਨਾਲ ਗਈ। ਪ੍ਰੀਖਿਆ ਭਵਨ ਵਿੱਚ ਵੀ ਉਸ ਲਈ ਵੱਖਰੇ ਤੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ।
Read More : ਰਿਸ਼ਵਤਖੋਰੀ ਮਾਮਲਾ : ਵਿਜੇ ਕੁਮਾਰ ਜੰਜੂਆ ਵਿਰੁੱਧ ਕੇਂਦਰ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀ
