ਭਾਣਜੇ ਨੇ ਵਿਆਹ ’ਚ ਸ਼ਾਮਲ ਹੋਣ ’ਤੇ ਦਿੱਤੀ ਸੀ ਧਮਕੀ, ਪੁਲਸ ਨੇ ਅਮਰੀਕਾ ਰਹਿੰਦੇ ਸ਼ਮਸ਼ੇਰ ਸਿੰਘ ਖ਼ਿਲਾਫ਼ ਦਰਜ ਕੀਤਾ ਕੇਸ
ਭੋਗਪੁਰ, 19 ਫਰਵਰੀ : ਜ਼ਿਲਾ ਜਲੰਧਰ ਦੇ ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਭਟਨੂਰਾ ਲੁਬਾਣਾ ਵਿਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਇਕ ਐੱਨ. ਆਰ. ਆਈ. ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ, ਵੀਰਵਾਰ ਲਗਭਗ 2 ਵਜੇ ਮਨਜੀਤ ਸਿੰਘ (ਨਿਵਾਸੀ ਇੰਗਲੈਂਡ) ਦੇ ਘਰ ਦੇ ਬਾਹਰ ਦੋ ਨਕਾਬਪੋਸ਼ ਆਏ। ਉਨ੍ਹਾਂ ਨੇ ਗਲੀ ’ਚ ਮੋਟਰਸਾਈਕਲ ਖੜ੍ਹਾ ਕਰਕੇ ਘਰ ਦੇ ਗੇਟ ’ਤੇ ਪਿਸਤੌਲ ਨਾਲ ਫਾਇਰ ਕੀਤੇ। ਮਨਜੀਤ ਸਿੰਘ ਆਪਣੀ ਧੀ ਦੇ ਵਿਆਹ ਲਈ 9 ਫਰਵਰੀ ਨੂੰ ਹੀ ਪਰਿਵਾਰ ਸਮੇਤ ਇੰਗਲੈਂਡ ਤੋਂ ਪੰਜਾਬ ਆਏ ਸਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਦੋ ਫਾਇਰ ਕੀਤੇ— ਇਕ ਗੇਟ ’ਤੇ ਅਤੇ ਦੂਜਾ ਹਵਾ ’ਚ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲਾਵਰਾਂ ਨੇ ਗੋਲੀਬਾਰੀ ਦੌਰਾਨ ਮੋਬਾਈਲ ਨਾਲ ਵੀਡੀਓ ਵੀ ਬਣਾਈ।
ਥਾਣਾ ਭੋਗਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਸ ਨੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਡੀ.ਐੱਸ.ਪੀ. ਆਦਮਪੁਰ ਨੇ ਦੱਸਿਆ ਕਿ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੇ ਭਾਣਜੇ ਸ਼ਮਸ਼ੇਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜੋ ਅਮਰੀਕਾ ਵਿਚ ਰਹਿੰਦਾ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦਾ ਉਨ੍ਹਾਂ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਸ਼ਮਸ਼ੇਰ ਨੇ ਆਪਣੀ ਮਾਂ ਨੂੰ ਫ਼ੋਨ ’ਤੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਮਨਜੀਤ ਸਿੰਘ ਦੀ ਧੀ ਦੇ ਵਿਆਹ ’ਚ ਸ਼ਾਮਲ ਹੋਏ ਤਾਂ ਉਹ ਉੱਥੇ ਫਾਇਰਿੰਗ ਕਰਵਾ ਦੇਵੇਗਾ। ਮਨਜੀਤ ਸਿੰਘ ਨੂੰ ਪੂਰਾ ਯਕੀਨ ਹੈ ਕਿ ਇਹ ਵਾਰਦਾਤ ਸ਼ਮਸ਼ੇਰ ਸਿੰਘ ਨੇ ਹੀ ਕਰਵਾਈ ਹੈ।
Read More : ਅਮਰੀਕਾ ਨਾਲ ਵਪਾਰ ਸਮਝੌਤਾ ਕਿਸਾਨਾਂ ਲਈ ਘਾਤਕ, ਕੇਂਦਰ ਸਰਕਾਰ ਕਰੇ ਵਿਚਾਰ : ਸੰਧਵਾਂ
