ਮੁੱਖ ਮੰਤਰੀ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਚੈਕਿੰਗ ਮੁਹਿੰਮ ਜਾਰੀ
ਚੰਡੀਗੜ੍ਹ, 19 ਫਰਵਰੀ : ਪੰਜਾਬ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਨੂੰ ਅੱਜ ਇਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ, ਜਿਸ ਨੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ। ਇਸ ਈ-ਮੇਲ ਰਾਹੀਂ ਦੁਪਹਿਰ 2 ਵਜੇ ਤੱਕ ਸਕੱਤਰੇਤ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਸਰਕਾਰ ਦੇ ਅਧਿਕਾਰਤ ਈ-ਮੇਲ ਪਤੇ ’ਤੇ ਭੇਜੀ ਗਈ ਹੈ।
ਧਮਕੀ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਸਕੱਤਰੇਤ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੰਬ ਨਿਰੋਧਕ ਦਸਤਿਆਂ ਅਤੇ ਡੌਗ ਸਕਵਾਡ ਦੀਆਂ ਟੀਮਾਂ ਵੱਲੋਂ ਪੂਰੇ ਪਰਿਸਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਅਨੁਸਾਰ, ਸਾਈਬਰ ਸੈੱਲ ਨੇ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਮਾਰਤ ਵਿੱਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਫਿਲਹਾਲ, ਤਲਾਸ਼ੀ ਦੌਰਾਨ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਕੇਵਲ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।
Read More : ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਸਕੀਮਾਂ ਲਈ ਜਾਰੀ ਕੀਤੇ 5,748 ਕਰੋੜ : ਡਾ. ਬਲਜੀਤ ਕੌਰ
