ਸੂਬੇ ਦੇ 35.70 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਮਿਲਿਆ ਸਿੱਧਾ ਵਿੱਤੀ ਲਾਭ
ਚੰਡੀਗੜ੍ਹ, 19 ਫਰਵਰੀ : ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਜਨਵਰੀ 2026 ਤੱਕ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਸਿੱਧੇ ਤੌਰ ‘ਤੇ 5,748 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਰਾਸ਼ੀ ਵਿੱਚੋਂ ਸਭ ਤੋਂ ਵੱਡਾ ਹਿੱਸਾ ਬੁਢਾਪਾ ਪੈਨਸ਼ਨ ਵਜੋਂ 3,806.43 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ 1,099.97 ਕਰੋੜ ਰੁਪਏ, ਦਿਵੀਆਂਗ ਵਿਅਕਤੀਆਂ ਲਈ 456.03 ਕਰੋੜ ਰੁਪਏ ਅਤੇ ਅਨਾਥਾਂ ਤੇ ਆਸ਼ਰਿਤ ਬੱਚਿਆਂ ਦੀ ਭਲਾਈ ਲਈ 385.94 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 35.70 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਨਿਯਮਤ ਤੌਰ ‘ਤੇ ਇਹ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲਦੀ ਹੈ ਜਾਂ ਕੋਈ ਦਿਵੀਆਂਗ ਵਿਅਕਤੀ ਆਤਮ-ਨਿਰਭਰ ਬਣਦਾ ਹੈ, ਤਾਂ ਇਹ ਸਰਕਾਰ ਦੀ ਅਸਲ ਸਫਲਤਾ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਵਿੱਤੀ ਸਾਲ ਲਈ ਕੁੱਲ 6,175 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਤਾਂ ਜੋ ਹਰੇਕ ਲੋੜਵੰਦ ਵਿਅਕਤੀ ਤੱਕ ਸਰਕਾਰੀ ਸਹਾਇਤਾ ਬਿਨਾਂ ਕਿਸੇ ਦੇਰੀ ਦੇ ਪਹੁੰਚ ਸਕੇ।
Read More : ਪਰਲ ਗਰੁੱਪ ਵਿਰੁੱਧ ਈਡੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ
