6,000 ਫੁੱਟ ਤੋਂ ਵੱਧ ਉਚਾਈ ਵਾਲੇ ਇਲਾਕਿਆਂ ’ਚ ਅੱਤਵਾਦੀਆਂ ਦੇ ਸਫ਼ਾਏ ਲਈ ਵਿੱਢੀ ਮੁਹਿੰਮ; ਜੰਮੂ ਤੇ ਕਸ਼ਮੀਰ ਖੇਤਰਾਂ ’ਚ ਫ਼ੋਰਸਾਂ ਤਾਇਨਾਤ
ਨਵੀਂ ਦਿੱਲੀ, 19 ਫਰਵਰੀ : ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਨੇ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿੱਚ 43 ਆਰਜ਼ੀ ਸੰਚਾਲਨ ਅੱਡੇ (Temporary Operating Bases) ਸਥਾਪਤ ਕੀਤੇ ਹਨ। ਸੁਰੱਖਿਆ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਅੱਡਿਆਂ ਦਾ ਮੁੱਖ ਮਕਸਦ ਪਹਾੜੀ ਖੇਤਰਾਂ ਵਿੱਚ ਲੁਕੇ ਹੋਏ ਅੱਤਵਾਦੀਆਂ ਦੀ ਭਾਲ ਕਰਨਾ ਅਤੇ ਉਨ੍ਹਾਂ ਦਾ ਸਫ਼ਾਇਆ ਕਰਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਡੇ 6,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਹਨ, ਜਿੱਥੇ ਨੀਮ ਸੁਰੱਖਿਆ ਫ਼ੋਰਸਾਂ ਕੁਝ ਦਿਨਾਂ ਲਈ ਠਹਿਰ ਕੇ ਵਿਸ਼ੇਸ਼ ਆਪ੍ਰੇਸ਼ਨ ਚਲਾਉਂਦੀਆਂ ਹਨ। ਪਿਛਲੇ ਸਾਲ ਜੁਲਾਈ ਵਿੱਚ ਪਹਿਲੇ ਆਰਜ਼ੀ ਅੱਡੇ ਦੀ ਸਥਾਪਨਾ ਤੋਂ ਬਾਅਦ ਹੁਣ ਤੱਕ ਕੁੱਲ 43 ਅਜਿਹੇ ਅੱਡੇ ਬਣਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 26 ਅੱਡੇ ਕਸ਼ਮੀਰ ਘਾਟੀ ਵਿੱਚ ਅਤੇ 17 ਜੰਮੂ ਖੇਤਰ ਵਿੱਚ ਸਥਿਤ ਹਨ।
ਹਰੇਕ ਆਰਜ਼ੀ ਅੱਡੇ ’ਤੇ 16 ਤੋਂ 25 ਜਵਾਨਾਂ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ, ਜਿਨ੍ਹਾਂ ਦੇ ਨਾਲ ਸਥਾਨਕ ਪੁਲਸ ਕਰਮਚਾਰੀ ਵੀ ਸ਼ਾਮਲ ਹੁੰਦੇ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਬੈਸਰਨ ਵਿੱਚ ਪਿਛਲੇ ਸਾਲ ਅਪ੍ਰੈਲ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਹਿਲਗਾਮ-ਤ੍ਰਾਲ-ਹਰਵਾਨ ਖੇਤਰ ਵਿੱਚ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਇਹ ਆਰਜ਼ੀ ਅੱਡੇ ਉਨ੍ਹਾਂ ਗੁਪਤ ਟਿਕਾਣਿਆਂ ’ਤੇ ਨਜ਼ਰ ਰੱਖਣ ਵਿੱਚ ਸਹਾਈ ਹੋ ਰਹੇ ਹਨ, ਜਿੱਥੇ ਅੱਤਵਾਦੀ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਹਨ।
Read More : ਟੀ-20 ਵਿਸ਼ਵ ਕੱਪ 2026 : ਭਾਰਤ ਦੀ ਚੌਥੀ ਜਿੱਤ
