ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਕੀਤਾ ਬਾਹਰ
ਸ਼ਿਵਮ ਦੁਬੇ ਦੀ ਤੂਫ਼ਾਨੀ ਪਾਰੀ ਅਤੇ ਵਰੁਣ ਚੱਕਰਵਰਤੀ ਦੀ ਘਾਤਕ ਗੇਂਦਬਾਜ਼ੀ ਅੱਗੇ ਨੀਦਰਲੈਂਡ ਨੇ ਗੋਡੇ ਟੇਕੇ
ਅਹਿਮਦਾਬਾਦ, 19 ਫਰਵਰੀ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ, ਜਦੋਂ ਕਿ ਨੀਦਰਲੈਂਡ ਦੀ ਟੀਮ ਇਸ ਹਾਰ ਨਾਲ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ ਹੋ ਗਈ ਹੈ।
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 193 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਟੀਮ 176 ਦੌੜਾਂ ਹੀ ਬਣਾ ਸਕੀ।
ਭਾਰਤ ਦੀ ਇਸ ਜਿੱਤ ਦੇ ਹੀਰੋ ਆਲਰਾਊਂਡਰ ਸ਼ਿਵਮ ਦੁਬੇ ਰਹੇ, ਜਿਨ੍ਹਾਂ ਨੇ ਸਿਰਫ਼ 31 ਗੇਂਦਾਂ ਵਿੱਚ 66 ਦੌੜਾਂ ਦੀ ਬੇਹੱਦ ਤੇਜ਼ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਹਾਲਾਂਕਿ, ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਲਈ ਇਹ ਮੈਚ ਨਿਰਾਸ਼ਾਜਨਕ ਰਿਹਾ ਅਤੇ ਉਹ 0 ‘ਤੇ ਆਊਟ ਹੋ ਗਏ।
ਇਸ ਦੌਰਾਨ ਹੋਰਨਾਂ ਬੱਲੇਬਾਜ਼ਾਂ ਵਿੱਚ ਈਸ਼ਾਨ ਕਿਸ਼ਨ ਨੇ 18, ਤਿਲਕ ਵਰਮਾ ਨੇ 31, ਕਪਤਾਨ ਸੂਰਿਆਕੁਮਾਰ ਯਾਦਵ ਨੇ 34 ਅਤੇ ਹਾਰਦਿਕ ਪੰਡਿਆ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਨੀਦਰਲੈਂਡ ਵੱਲੋਂ ਲੋਗਾਨ ਵੈਨ ਬੀਕ ਸਭ ਤੋਂ ਸਫਲ ਰਿਹਾ, ਜਿਸ ਨੇ 3 ਭਾਰਤੀ ਖਿਡਾਰੀਆਂ ਨੂੰ ਆਊਟ ਕੀਤਾ।
194 ਦੌੜਾਂ ਦੇ ਟੀਚੇ ਨੂੰ ਰੋਕਣ ਲਈ ਭਾਰਤੀ ਗੇਂਦਬਾਜ਼ਾਂ ਨੇ ਮਾਰੂ ਹਮਲਾ ਕੀਤਾ। ਵਰੁਣ ਚੱਕਰਵਰਤੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਸ਼ਿਵਮ ਦੁਬੇ ਨੇ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ ਵਿੱਚ ਵੀ ਕਮਾਲ ਦਿਖਾਇਆ ਅਤੇ 2 ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਜਸਪ੍ਰੀਤ ਬੁਮਰਾਹ ਨੂੰ 1 ਵਿਕਟ ਮਿਲੀ।
ਭਾਰਤੀ ਗੇਂਦਬਾਜ਼ਾਂ ਨੇ ਪੂਰੇ ਮੈਚ ਦੌਰਾਨ ਨੀਦਰਲੈਂਡ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ।
Read More : ਹਰਬਰਿੰਦਰ ਕਤਲ ਕਾਂਡ : ਡੀ.ਐਸ.ਪੀ. ਪੱਟੀ ਤੇ ਐਸ.ਐਚ.ਓ. ਸਰਹਾਲੀ ਮੁਅੱਤਲ
