ਗੱਠਜੋੜ ਦੀਆਂ ਚਰਚਾਵਾਂ ਨੂੰ ਦੱਸਿਆ ‘ਫੇਕ ਨਿਊਜ਼’; ਵਿਰੋਧੀਆਂ ‘ਤੇ ਏ.ਆਈ. ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਲਾਇਆ ਦੋਸ਼
ਲਖਨਊ, 18 ਫਰਵਰੀ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਗੱਠਜੋੜ ਵਿੱਚ ਲੜਨ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਨ੍ਹਾਂ ਨੂੰ ‘ਫੇਕ ਨਿਊਜ਼’ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਅਗਲੀਆਂ ਚੋਣਾਂ ਆਪਣੇ ਬਲਬੂਤੇ ’ਤੇ ਹੀ ਲੜੇਗੀ। ਮਾਇਆਵਤੀ ਨੇ ਚਿੰਤਾ ਪ੍ਰਗਟਾਈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਕਰ ਕੇ ਜਨਤਾ ਵਿੱਚ ਇਹ ਝੂਠੀ ਚਰਚਾ ਫੈਲਾਈ ਜਾ ਰਹੀ ਹੈ ਕਿ ਪਾਰਟੀ ਉੱਤਰ ਪ੍ਰਦੇਸ਼ ਵਿੱਚ ਕਿਸੇ ਗੱਠਜੋੜ ਦਾ ਹਿੱਸਾ ਬਣੇਗੀ।
ਬਸਪਾ ਮੁਖੀ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਜਨਤਕ ਤੌਰ ’ਤੇ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਪਾਰਟੀ ਇਕੱਲਿਆਂ ਚੋਣਾਂ ਲੜੇਗੀ। ਉਨ੍ਹਾਂ ਯਾਦ ਕਰਵਾਇਆ ਕਿ 9 ਅਕਤੂਬਰ, 2025 ਨੂੰ ਪਾਰਟੀ ਸੰਸਥਾਪਕ ਕਾਂਸ਼ੀ ਰਾਮ ਦੀ ਬਰਸੀ ਮੌਕੇ ਲਖਨਊ ਦੀ ਮਹਾਰੈਲੀ ਵਿੱਚ ਵੀ ਇਸ ਦਾ ਰਸਮੀ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ, ਸਪਾ ਅਤੇ ਭਾਜਪਾ ਵਰਗੀਆਂ ਪਾਰਟੀਆਂ ਸਾਜ਼ਿਸ਼ ਤਹਿਤ ਅਜਿਹੀਆਂ ਅਫ਼ਵਾਹਾਂ ਫੈਲਾ ਰਹੀਆਂ ਹਨ, ਕਿਉਂਕਿ ਗੱਠਜੋੜ ਦੀ ਰਾਜਨੀਤੀ ਨਾਲ ਹਮੇਸ਼ਾ ਬਸਪਾ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਪੂਰੀ ਤਾਕਤ ਨਾਲ ਇਕੱਲਿਆਂ ਹੀ ਲੜੇਗੀ।
ਦਿੱਲੀ ਵਿੱਚ ਅਲਾਟ ਕੀਤੇ ਗਏ ਟਾਈਪ-8 ਬੰਗਲੇ ਦੇ ਮੁੱਦੇ ’ਤੇ ਸਫ਼ਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਹੋਣ ਦੇ ਨਾਤੇ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਅਜਿਹੀ ਰਿਹਾਇਸ਼ ਪਹਿਲਾਂ ਵੀ ਮਿਲਦੀ ਰਹੀ ਹੈ, ਇਸ ਲਈ ਇਸ ’ਤੇ ਬੇਲੋੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਨਾ ਹੋਣ ਅਤੇ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਣ।
Read More : ਸਿਟੀ ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ
