ਲਿਫ਼ਟ ਦਾ ਇੰਤਜ਼ਾਰ ਕਰਦਿਆਂ ਵਾਪਰਿਆ ਦਰਦਨਾਕ ਹਾਦਸਾ; ਰੇਲਿੰਗ ਤੋਂ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗੀ ਸ਼ਬਨੂਰ
ਜਗਰਾਓਂ, 18 ਫਰਵਰੀ : ਤਹਿਸੀਲ ਜਗਰਾਓਂ ਵਿੱਚ ਸਥਿਤ ਸਿਟੀ ਯੂਨੀਵਰਸਿਟੀ ਵਿੱਚ ਅੱਜ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ, ਜਦੋਂ ਇੱਥੇ ਪੜ੍ਹਦੀ ਇਕ ਹੋਣਹਾਰ ਵਿਦਿਆਰਥਣ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਬਨੂਰ ਪੁੱਤਰੀ ਮੁਹੰਮਦ ਅਜ਼ਮਲ, ਵਾਸੀ ਲੁਧਿਆਣਾ ਵਜੋਂ ਹੋਈ ਹੈ, ਜੋ ਕਿ ਬੀ. ਬੀ. ਏ. ਦੂਜੇ ਸਮੈਸਟਰ ਦੀ ਵਿਦਿਆਰਥਣ ਸੀ।
ਪੁਲਸ ਸੂਤਰਾਂ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਸ਼ਬਨੂਰ ਆਪਣੀ ਸਹੇਲੀ ਨਾਲ ਲਿਫ਼ਟ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇੰਤਜ਼ਾਰ ਦੌਰਾਨ ਉਹ ਦੂਸਰੀ ਮੰਜ਼ਿਲ ਦੀ ਰੇਲਿੰਗ ’ਤੇ ਬੈਠਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧੀ ਹੇਠਾਂ ਆ ਡਿੱਗੀ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਉਸ ਨੂੰ ਤੁਰੰਤ ਜਗਰਾਓਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਜਸਵਿੰਦਰ ਸਿੰਘ ਢੀਂਡਸਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਇਹ ਮਾਮਲਾ ਇਕ ਹਾਦਸਾ ਲੱਗ ਰਿਹਾ ਹੈ, ਪਰ ਪੁਲਸ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਮੌਕੇ ਦੇ ਹਾਲਾਤ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Read More : 2027 ’ਚ ਅਕਾਲੀ ਸਰਕਾਰ ਬਣਨ ’ਤੇ ਰਾਜਸਥਾਨ ਜਾਂਦਾ ਪੰਜਾਬ ਦਾ ਪਾਣੀ ਰੋਕਾਂਗੇ : ਸੁਖਬੀਰ ਬਾਦਲ
