Vigilance Bureau

20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਦਾ ਭਰਾ ਗ੍ਰਿਫ਼ਤਾਰ

ਕਬਜ਼ਾ ਦਿਵਾਉਣ ਬਦਲੇ ਤਹਿਸੀਲਦਾਰ ਦੇ ਨਾਮ ‘ਤੇ ਮੰਗੀ ਸੀ ਇਕ ਲੱਖ ਰੁਪਏ ਰਿਸ਼ਵਤ

ਜਲੰਧਰ, 17 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਬ-ਤਹਿਸੀਲ ਮਹਿਤਪੁਰ (ਜਲੰਧਰ) ਵਿਖੇ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਨਕੋਦਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।

ਸ਼ਿਕਾਇਤਕਰਤਾ, ਜੋ ਖੇਤੀਬਾੜੀ ਅਤੇ ਕਾਰਾਂ ਦੀ ਖਰੀਦ-ਵੇਚ ਦਾ ਕਾਰੋਬਾਰ ਕਰਦਾ ਹੈ, ਨੇ ਪਿੰਡ ਹਰੀਪੁਰ ਵਿੱਚ 12 ਮਰਲੇ ਦਾ ਇੱਕ ਘਰ ਖਰੀਦਿਆ ਸੀ। ਇਸ ਸਬੰਧੀ ਚੱਲ ਰਹੇ ਸਿਵਲ ਮੁਕੱਦਮੇ ਦਾ ਫੈਸਲਾ ਸ਼ਿਕਾਇਤਕਰਤਾ ਦੇ ਹੱਕ ਵਿੱਚ ਹੋਇਆ ਸੀ। ਅਦਾਲਤ ਦੇ ਹੁਕਮਾਂ ‘ਤੇ ਸੇਲ ਡੀਡ ਦਰਜ ਹੋਣ ਤੋਂ ਬਾਅਦ ਜਦੋਂ ਘਰ ਦਾ ਕਬਜ਼ਾ ਲੈਣ ਲਈ ਕਾਨੂੰਗੋ ਜਤਿੰਦਰ ਸਿੰਘ ਨੂੰ ਅਰਜ਼ੀ ਦਿੱਤੀ ਗਈ, ਤਾਂ ਉਸ ਨੇ ਕਥਿਤ ਤੌਰ ‘ਤੇ ਹੱਦਬੰਦੀ ਦੇ ਨਾਮ ‘ਤੇ ਪਹਿਲਾਂ ਹੀ 15,000 ਰੁਪਏ ਵਸੂਲ ਲਏ ਸਨ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਕਾਨੂੰਗੋ ਜਤਿੰਦਰ ਸਿੰਘ ਨੇ ਘਰ ਦਾ ਕਬਜ਼ਾ ਦਿਵਾਉਣ ਬਦਲੇ ਤਹਿਸੀਲਦਾਰ ਦੇ ਨਾਮ ‘ਤੇ ਸ਼ਿਕਾਇਤਕਰਤਾ ਤੋਂ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕਾਨੂੰਗੋ ਨੇ ਰਿਸ਼ਵਤ ਲਈ ਜ਼ੋਰ ਪਾਇਆ, ਜਿਸ ਤੋਂ ਬਾਅਦ 10 ਹਜ਼ਾਰ ਰੁਪਏ ਮੌਕੇ ‘ਤੇ ਹੀ ਲੈ ਲਏ ਗਏ ਅਤੇ ਬਾਕੀ ਰਕਮ ਕਿਸ਼ਤਾਂ ਵਿੱਚ ਦੇਣੀ ਤੈਅ ਹੋਈ। ਸ਼ਿਕਾਇਤਕਰਤਾ ਨੇ ਇਸ ਪੂਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਕੋਲ ਪਹੁੰਚ ਕੀਤੀ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਜਤਿੰਦਰ ਸਿੰਘ ਕਾਨੂੰਗੋ ਦੇ ਭਰਾ ਪਰਮਿੰਦਰ ਸਿੰਘ ਨੂੰ, ਜਿਸ ਨੂੰ ਕਾਨੂੰਗੋ ਨੇ ਰਿਸ਼ਵਤ ਦੀ ਰਕਮ ਫੜਨ ਲਈ ਭੇਜਿਆ ਸੀ, ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਅਨੁਸਾਰ ਮੁੱਖ ਮੁਲਜ਼ਮ ਕਾਨੂੰਗੋ ਜਤਿੰਦਰ ਸਿੰਘ ਇਸ ਸਮੇਂ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਪਟਿਆਲਾ ‘ਚ ਵਿਆਹੁਤਾ ਦਾ ਕਤਲ

Leave a Reply

Your email address will not be published. Required fields are marked *