ਕਾਂਗਰਸ ਪਾਰਟੀ

ਭਾਜਪਾ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰ ਕੇ ਲਗਾਉਣਾ ਚਾਹੁੰਦੀ ਹੈ ਗਵਰਨਰੀ ਰਾਜ : ਬਘੇਲ, ਵੜਿੰਗ, ਬਾਜਵਾ

ਮਾਨਸਾ ਵਿਖੇ ‘ਮਨਰੇਗਾ ਮਜ਼ਦੂਰ ਬਚਾਓ’ ਰੈਲੀ ਦੌਰਾਨ ਕਾਂਗਰਸੀ ਲੀਡਰਸ਼ਿਪ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਲਿਆ ਨਿਸ਼ਾਨੇ ’ਤੇ

ਮਾਨਸਾ, 17 ਫਰਵਰੀ : ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਮਾਨਸਾ ਦੀ ਅਨਾਜ ਮੰਡੀ ਵਿਖੇ ‘ਮਨਰੇਗਾ ਮਜ਼ਦੂਰ ਬਚਾਓ’ ਰੈਲੀ ਕੀਤੀ ਗਈ, ਜਿਸ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਕਾਂਗਰਸੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਵਿੱਚ ਕਤਲੇਆਮ ਅਤੇ ਗੁੰਡਾਗਰਦੀ ਰਾਹੀਂ ਡਰ ਦਾ ਮਾਹੌਲ ਪੈਦਾ ਕਰ ਕੇ ਗਵਰਨਰੀ ਰਾਜ ਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗਵਰਨਰੀ ਰਾਜ ਅਸਲ ਵਿੱਚ ਭਾਜਪਾ ਦਾ ਹੀ ਰਾਜ ਹੋਵੇਗਾ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਂ ਬਦਲਣ ਅਤੇ ਕਿਸਾਨ-ਮਜ਼ਦੂਰ ਵਿਰੋਧੀ ਫੈਸਲਿਆਂ ਦੀ ਸਖ਼ਤ ਨਿਖੇਧੀ ਕੀਤੀ।

ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਕਾਰਨ ਲੋਕ ਸੂਬਾ ਛੱਡਣ ਲਈ ਮਜਬੂਰ ਹਨ। ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਆਪ’ ਸਰਕਾਰ ਬੀਬੀਆਂ ਨੂੰ ਹਜ਼ਾਰ ਰੁਪਏ ਦੇਣ ਦਾ ਡਰਾਮਾ ਕਰ ਕੇ ਮੁੜ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਜਦੋਂਕਿ ਮਨਰੇਗਾ ਬੰਦ ਹੋਣ ਕਾਰਨ ਗਰੀਬਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ 2027 ਵਿੱਚ ਪੰਜਾਬ ਅਤੇ 2029 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ।

ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਰੈਲੀ ਵਿੱਚ ਅਮਰ ਸਿੰਘ ਐੱਮ.ਪੀ., ਸਾਧੂ ਸਿੰਘ ਧਰਮਸੌਤ, ਹਰਦਿਆਲ ਸਿੰਘ ਕੰਬੋਜ, ਅਜੀਤਇੰਦਰ ਸਿੰਘ ਮੋਫ਼ਰ, ਬਿਕਰਮ ਮੋਫ਼ਰ, ਬਲਕੌਰ ਸਿੱਧੂ, ਗੁਰਪ੍ਰੀਤ ਵਿੱਕੀ, ਰਣਵੀਰ ਕੌਰ ਮੀਆਂ ਅਤੇ ਸੱਤਪਾਲ ਮੂਲੇਵਾਲਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Read More : ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ ਪੰਜਾਬ ਦੀਆਂ ਧੀਆਂ ਦਾ ਮਾਣ ਪੁਰਸਕਾਰ ਨਾਲ ਸਨਮਾਨਿਤ

Leave a Reply

Your email address will not be published. Required fields are marked *