ਅਮਰੀਕਾ

ਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਪਿੰਡ ਗੋਹਤ ਪੋਖਰ ’ਚ ਪਸਰਿਆ ਸੋਗ; ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਧੀਆਂ ਛੱਡ ਗਿਆ

ਗੁਰਦਾਸਪੁਰ, 16 ਫਰਵਰੀ: ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਇਕ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਗੁਰਦਾਸਪੁਰ ਦੇ ਨੇੜਲੇ ਪਿੰਡ ਗੋਹਤ ਪੋਖਰ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਉਰਫ਼ ਜੇਪੀ (34 ਸਾਲ) ਲਗਭਗ 8 ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਨਾਲ ਅਮਰੀਕਾ ਗਿਆ ਸੀ। ਉੱਥੇ ਉਸ ਨੇ ਕੜੀ ਮਿਹਨਤ ਨਾਲ ਆਪਣਾ ਕਾਰੋਬਾਰ ਸਥਾਪਿਤ ਕੀਤਾ ਅਤੇ ਨਾਲ ਹੀ ਆਪਣੀ ਨਿੱਜੀ ਕਾਰ ਰਾਹੀਂ ਊਬਰ ਸੇਵਾ ਨਾਲ ਵੀ ਜੁੜਿਆ ਹੋਇਆ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ 7 ਫਰਵਰੀ ਨੂੰ ਗੁਰਪ੍ਰੀਤ ਸਿੰਘ ਕਾਰ ’ਚ ਸਵਾਰੀਆਂ ਨੂੰ ਮੰਜ਼ਿਲ ਤੱਕ ਛੱਡਣ ਜਾ ਰਿਹਾ ਸੀ ਕਿ ਅਚਾਨਕ ਕਾਰ ਚਲਾਉਂਦੇ ਸਮੇਂ ਉਸ ਨੂੰ ਦੌਰਾ ਪੈ ਗਿਆ। ਇਸ ਕਾਰਨ ਉਸ ਦੀ ਗੱਡੀ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ’ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਰੀੜ੍ਹ ਦੀ ਹੱਡੀ ਵੀ ਟੁੱਟ ਗਈ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਹਾਲਤ ’ਚ ਸੁਧਾਰ ਆ ਰਿਹਾ ਸੀ ਅਤੇ ਕੁਝ ਦਿਨਾਂ ’ਚ ਘਰ ਪਰਤਣ ਦੀ ਉਮੀਦ ਸੀ। ਪਰ ਅਫ਼ਸੋਸ, ਇਲਾਜ ਦੌਰਾਨ ਹੀ ਉਸ ਨੂੰ ਦੁਬਾਰਾ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਗੁਰਪ੍ਰੀਤ ਸਿੰਘ ਦੀ ਪਤਨੀ ਅਤੇ ਦੋ ਛੋਟੀਆਂ ਧੀਆਂ ਵੀ ਉਸ ਦੇ ਨਾਲ ਅਮਰੀਕਾ ’ਚ ਹੀ ਰਹਿੰਦੀਆਂ ਸਨ। ਇਸ ਤੋਂ ਇਲਾਵਾ ਉਸ ਦੀ ਭੈਣ ਅਤੇ ਸਹੁਰਾ ਪਰਿਵਾਰ ਵੀ ਉੱਥੇ ਮੌਜੂਦ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਦੇਸ਼ ’ਚ ਹੀ ਪੈਦਾ ਕੀਤੇ ਜਾਣ।

Read More : ਅੰਬਾਲਾ ’ਚ ਧੁੰਦ ਕਾਰਨ ਮੋਟਰਸਾਈਕਲਾਂ ’ਤੇ ਪਲਟਿਆ ਟਰੱਕ, 4 ਲੋਕਾਂ ਦੀ ਮੌਤ

Leave a Reply

Your email address will not be published. Required fields are marked *