current news

ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ AI ਵੀਡੀਓਜ਼ ਮਾਮਲੇ ‘ਚ  FIR ਦਰਜ

SGPC ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਪੁਲਿਸ ਦੀ ਸਖ਼ਤ ਕਾਰਵਾਈ

ਅੰਮ੍ਰਿਤਸਰ, 16 ਫਰਵਰੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ ਤਿੰਨ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਜਨਰੇਟਿਡ ਵਿਵਾਦਿਤ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 299, 353(2) ਅਤੇ 353(3) ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕੀ ਹੈ ਵੀਡੀਓਜ਼ ਵਿਚ?

ਵਾਇਰਲ ਹੋਈਆਂ ਇਨ੍ਹਾਂ ਵੀਡੀਓਜ਼ ਵਿੱਚ ਸਿੱਖ ਰਹਿਤ ਮਰਿਆਦਾ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ।

ਪਹਿਲੀ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਪਵਿੱਤਰ ਪਰਿਕਰਮਾ ਵਿੱਚ ਜੁੱਤੀਆਂ ਪਾ ਕੇ ਖੜ੍ਹਾ ਦਿਖਾਇਆ ਗਿਆ ਹੈ ਅਤੇ ਇੱਕ ਕਾਰ ਨੂੰ ਪਰਿਕਰਮਾ ਦੇ ਅੰਦਰ ਦਾਖਲ ਹੁੰਦੇ ਫ਼ਿਲਮਾਇਆ ਗਿਆ ਹੈ।

ਦੂਜੀ ਵੀਡੀਓ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਰੂਪ ਅਤੇ ਦ੍ਰਿਸ਼ਾਂ ਨੂੰ AI ਰਾਹੀਂ ਗਲਤ ਤਰੀਕੇ ਨਾਲ ਬਦਲ ਕੇ ਪੇਸ਼ ਕੀਤਾ ਗਿਆ ਹੈ।

ਤੀਜੀ ਵੀਡੀਓ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਜੋੜੇ ਨੂੰ ਇਤਰਾਜ਼ਯੋਗ ਹਰਕਤਾਂ ਕਰਦੇ ਦਿਖਾਇਆ ਗਿਆ ਹੈ, ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

SGPC ਅਤੇ ਪੁਲਿਸ ਦੀ ਕਾਰਵਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਕਮਿਸ਼ਨਰ ਨੂੰ ਦੋ ਵੱਖ-ਵੱਖ ਸ਼ਿਕਾਇਤਾਂ ਦਿੱਤੀਆਂ ਸਨ। ਕਮੇਟੀ ਨੇ ਉਹ ਇੰਸਟਾਗ੍ਰਾਮ ਲਿੰਕ ਵੀ ਪੁਲਿਸ ਨੂੰ ਸੌਂਪ ਦਿੱਤੇ ਹਨ ਜਿੱਥੋਂ ਇਹ ਇਤਰਾਜ਼ਯੋਗ ਸਮੱਗਰੀ ਅਪਲੋਡ ਕੀਤੀ ਗਈ ਸੀ।

ਡਿਜੀਟਲ ਕੰਟੈਂਟ ‘ਤੇ ਰੋਕ ਲਈ ਬਣੇਗੀ ਨੀਤੀ

AI ਤਕਨੀਕ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ SGPC ਨੇ ਪਹਿਲਾਂ ਹੀ ਇੱਕ ਵਿਸ਼ੇਸ਼ ਉਪ-ਕਮੇਟੀ ਦਾ ਗਠਨ ਕੀਤਾ ਹੋਇਆ ਹੈ। 13 ਅਕਤੂਬਰ 2025 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੇ ਫੈਸਲੇ ਅਨੁਸਾਰ, ਇਹ ਕਮੇਟੀ ਮਾਹਿਰਾਂ ਦੀ ਸਲਾਹ ਲੈ ਕੇ ਅਜਿਹੇ ਡਿਜੀਟਲ ਕੰਟੈਂਟ ‘ਤੇ ਰੋਕ ਲਗਾਉਣ ਲਈ ਇੱਕ ਠੋਸ ਨੀਤੀ ਤਿਆਰ ਕਰ ਰਹੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ।

Read More : ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰੇਕ ਪਰਿਵਾਰ ਤੱਕ ਪਹੁੰਚਾਉਣਾ ਸਰਕਾਰ ਦੀ ਪਹਿਲ : ਡਾ. ਬਲਬੀਰ ਸਿੰਘ

Leave a Reply

Your email address will not be published. Required fields are marked *