ਨਵੀਂ ਦਿੱਲੀ

ਸੀ.ਬੀ.ਐੱਸ.ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਕੱਲ੍ਹ ਤੋਂ; 46 ਲੱਖ ਵਿਦਿਆਰਥੀ ਹੋਣਗੇ ਅਪੀਅਰ

ਪ੍ਰੀਖਿਆ ਕੇਂਦਰਾਂ ’ਤੇ ਸਵੇਰੇ 10 ਵਜੇ ਤੋਂ ਬਾਅਦ ਐਂਟਰੀ ਹੋਵੇਗੀ ਬੰਦ; ਬੋਰਡ ਵੱਲੋਂ ‘ਕੀ ਕਰਨਾ ਤੇ ਕੀ ਨਹੀਂ’ ਦੀ ਸੂਚੀ ਜਾਰੀ

ਨਵੀਂ ਦਿੱਲੀ, 15 ਫਰਵਰੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਬੋਰਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ’ਚ ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 46 ਲੱਖ ਵਿਦਿਆਰਥੀ ਬੈਠਣਗੇ। ਪ੍ਰੀਖਿਆਵਾਂ ਨੂੰ ਤਣਾਅ-ਮੁਕਤ ਅਤੇ ਅਨੁਸ਼ਾਸਿਤ ਬਣਾਉਣ ਲਈ ਬੋਰਡ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸੀ.ਬੀ.ਐੱਸ.ਈ. ਨੇ ਸਮੇਂ ਦੀ ਪਾਬੰਦੀ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਪ੍ਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ, ਪਰ ਵਿਦਿਆਰਥੀਆਂ ਨੂੰ ਸਵੇਰੇ 10 ਵਜੇ ਤੱਕ ਹਰ ਹਾਲ ’ਚ ਪ੍ਰੀਖਿਆ ਕੇਂਦਰ ਦੇ ਅੰਦਰ ਪਹੁੰਚਣਾ ਲਾਜ਼ਮੀ ਹੋਵੇਗਾ। 10 ਵਜੇ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬੋਰਡ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਟ੍ਰੈਫਿਕ, ਦੂਰੀ ਅਤੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਸਵੇਰੇ 9:00 ਜਾਂ 9:30 ਵਜੇ ਤੱਕ ਕੇਂਦਰ ਪਹੁੰਚਣ ਦੀ ਸਲਾਹ ਦਿੱਤੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਐਡਮਿਟ ਕਾਰਡ -: ਬਿਨਾਂ ਐਡਮਿਟ ਕਾਰਡ ਕੇਂਦਰ ’ਚ ਦਾਖ਼ਲਾ ਨਹੀਂ ਮਿਲੇਗਾ। ਇਸ ’ਤੇ ਮਾਪਿਆਂ ਤੇ ਪ੍ਰਿੰਸੀਪਲ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ। ਐਡਮਿਟ ਕਾਰਡ ਨੂੰ ਲੈਮੀਨੇਟ ਨਾ ਕਰੋ।

ਵਰਦੀ-: ਰੈਗੂਲਰ ਵਿਦਿਆਰਥੀ ਸਕੂਲ ਵਰਦੀ ’ਚ ਆਉਣ, ਜਦਕਿ ਪ੍ਰਾਈਵੇਟ ਉਮੀਦਵਾਰ ਆਮ ਕੱਪੜੇ ਪਾ ਸਕਦੇ ਹਨ।

ਪਾਰਦਰਸ਼ੀ ਸਮੱਗਰੀ-: ਵਿਦਿਆਰਥੀ ਸਿਰਫ਼ ਪਾਰਦਰਸ਼ੀ ਥੈਲੀ ’ਚ ਪੈੱਨ, ਪੈਨਸਿਲ, ਸਕੇਲ ਅਤੇ ਪਾਰਦਰਸ਼ੀ ਪਾਣੀ ਦੀ ਬੋਤਲ ਹੀ ਲਿਜਾ ਸਕਦੇ ਹਨ।

ਪਾਬੰਦੀਸ਼ੁਦਾ ਚੀਜ਼ਾਂ-: ਮੋਬਾਈਲ, ਸਮਾਰਟਵਾਚ, ਕੈਲਕੂਲੇਟਰ ਅਤੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਗੈਜੇਟ ਦੀ ਸਖ਼ਤ ਮਨਾਹੀ ਹੈ।

ਪ੍ਰੀਖਿਆ ਕੇਂਦਰ ’ਤੇ ਸਾਵਧਾਨੀਆ

ਵਿਦਿਆਰਥੀ ਆਪਣੀ ਸੀਟ ’ਤੇ ਬੈਠਣ ਤੋਂ ਪਹਿਲਾਂ ਆਲੇ-ਦੁਆਲੇ ਦੀ ਜਾਂਚ ਕਰ ਲੈਣ ਕਿ ਕੋਈ ਕਾਗਜ਼ ਦਾ ਟੁਕੜਾ ਨਾ ਪਿਆ ਹੋਵੇ। ਉੱਤਰ-ਪੱਤਰੀ ਮਿਲਣ ’ਤੇ ਰੋਲ ਨੰਬਰ, ਵਿਸ਼ਾ ਕੋਡ ਅਤੇ ਹੋਰ ਵੇਰਵੇ ਬੇਹੱਦ ਧਿਆਨ ਨਾਲ ਭਰੇ ਜਾਣ। ਨਕਲ ਕਰਦੇ ਫੜੇ ਜਾਣ ’ਤੇ ਵਿਦਿਆਰਥੀ ਨੂੰ ਭਵਿੱਖ ਦੀਆਂ ਪ੍ਰੀਖਿਆਵਾਂ ਤੋਂ ਰੋਕਿਆ ਜਾ ਸਕਦਾ ਹੈ।

ਇਸ ਵਾਰ ਹੋਏ ਅਹਿਮ ਬਦਲਾਅ

10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੂਜੀ ਬੋਰਡ ਪ੍ਰੀਖਿਆ ਦਾ ਵਿਕਲਪ।

12ਵੀਂ ਜਮਾਤ ਲਈ ਡਿਜੀਟਲ ਮਾਰਕਿੰਗ ਪ੍ਰਕਿਰਿਆ ਦੀ ਸ਼ੁਰੂਆਤ।

10ਵੀਂ ਜਮਾਤ ’ਚ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪ੍ਰਸ਼ਨ ਪੱਤਰਾਂ ਲਈ ਵੱਖਰਾ ਫਾਰਮੈਟ।

Read More : ਬੰਗਲਾਦੇਸ਼ ’ਚ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ 17 ਫਰਵਰੀ ਨੂੰ

Leave a Reply

Your email address will not be published. Required fields are marked *