ਮੁਕਾਬਲੇ ਦੌਰਾਨ ਇਕ ਨੌਜਵਾਨ ਨੂੰ ਲੱਗੀ ਗੋਲੀ, ਦੂਜਾ ਭੱਜਣ ਦੀ ਕੋਸ਼ਿਸ਼ ’ਚ ਜ਼ਖ਼ਮੀ; 30 ਬੋਰ ਦੇ ਦੋ ਪਿਸਤੌਲ ਬਰਾਮਦ
ਮੋਗਾ, 15 ਫਰਵਰੀ : ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬੀਤੀ 10 ਫਰਵਰੀ ਨੂੰ ਦਿਨ-ਦਿਹਾੜੇ ਜ਼ੀਰਾ ਰੋਡ ’ਤੇ ਪ੍ਰਵਾਸੀ ਮਜ਼ਦੂਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਪੁਲਸ ਨੇ ਇਕ ਮੁਕਾਬਲੇ ਤੋਂ ਬਾਅਦ ਅਸਲੇ ਸਮੇਤ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (ਵਾਸੀ ਭੰਗਾਲੀ) ਅਤੇ ਆਕਾਸ਼ਦੀਪ ਸਿੰਘ (ਵਾਸੀ ਥੰਮਣ ਵਾਲਾ) ਵਜੋਂ ਹੋਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਐੱਸ.ਪੀ.(ਡੀ) ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਜਦੋਂ ਥਾਣਾ ਸਦਰ ਦੇ ਥਾਣੇਦਾਰ ਸਮਰਾਜ ਸਿੰਘ ਪੁਲਸ ਪਾਰਟੀ ਸਮੇਤ ਸਾਫੂਵਾਲਾ ਲਿੰਕ ਰੋਡ ’ਤੇ ਗਸ਼ਤ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਮੁਲਜ਼ਮਾਂ ਦੇ ਮੋਟਰਸਾਈਕਲ ’ਤੇ ਆਉਣ ਦੀ ਗੁਪਤ ਸੂਚਨਾ ਮਿਲੀ। ਪੁਲਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਜਦੋਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਸ ਵੱਲੋਂ ਜਵਾਬੀ ਕਾਰਵਾਈ ’ਚ ਚਲਾਈ ਗਈ ਗੋਲੀ ਲੱਗਣ ਕਾਰਨ ਜੋਬਨਪ੍ਰੀਤ ਸਿੰਘ ਜ਼ਖ਼ਮੀ ਹੋ ਕੇ ਡਿੱਗ ਪਿਆ, ਜਦਕਿ ਉਸ ਦਾ ਸਾਥੀ ਆਕਾਸ਼ਦੀਪ ਸਿੰਘ ਸੂਏ ਦੀ ਪਟੜੀ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਸ ਨੇ ਦੋਵਾਂ ਨੂੰ ਦਬੋਚ ਕੇ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ ਹੈ। ਮੁਲਜ਼ਮਾਂ ਕੋਲੋਂ 30 ਬੋਰ ਦੇ ਦੋ ਦੇਸੀ ਪਿਸਤੌਲ, ਚਾਰ ਖ਼ੋਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਹੋਈ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨਾਲ ਸਬੰਧਤ ਲਾਡੀ ਭਲਵਾਨ ਅਤੇ ਨਿਰਵੈਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਈ ਸੀ। ਪੁਲਸ ਮੁਤਾਬਕ ਇਨ੍ਹਾਂ ਦੇ ਦੋ ਸਹਿਯੋਗੀ ਪਹਿਲਾਂ ਹੀ ਫੜੇ ਜਾ ਚੁੱਕੇ ਹਨ ਅਤੇ ਹੁਣ ਤੀਜੇ ਸਾਥੀ ਦੀ ਭਾਲ ਜਾਰੀ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਖ਼ਿਲਾਫ਼ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਹੈ।
Read More : ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 26ਵੇਂ ਦਿਨ ਪੁਲਸ ਦੀ 571 ਟਿਕਾਣਿਆਂ ’ਤੇ ਛਾਪੇਮਾਰੀ, 193 ਗ੍ਰਿਫ਼ਤਾਰ
