ਰੁਟੀਨ ਚੈੱਕਅਪ ਦੌਰਾਨ ਥਕਾਵਟ ਮਹਿਸੂਸ ਹੋਣ ਕਾਰਨ ਡਾਕਟਰਾਂ ਦੀ ਨਿਗਰਾਨੀ ਹੇਠ
ਚੰਡੀਗੜ੍ਹ, 15 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਉਹ ਰੁਟੀਨ ਮੈਡੀਕਲ ਜਾਂਚ ਲਈ ਹਸਪਤਾਲ ਪਹੁੰਚੇ ਸਨ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਸਹਾਇਕ ਦੇਖਭਾਲ ਲਈ ਦਾਖ਼ਲ ਹੋਣ ਦੀ ਸਲਾਹ ਦਿੱਤੀ ਗਈ।
ਹਸਪਤਾਲ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਦੇ ਸਾਰੇ ਜ਼ਰੂਰੀ ਟੈਸਟ ਕੀਤੇ ਗਏ ਹਨ, ਜੋ ਕਿ ਬਿਲਕੁੱਲ ਠੀਕ ਆਏ ਹਨ। ਹਾਲਾਂਕਿ, ਲਗਾਤਾਰ ਰੁੱਝੇਵਿਆਂ ਕਾਰਨ ਉਹ ਕਾਫ਼ੀ ਥਕਾਵਟ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ।
ਮੁੱਖ ਮੰਤਰੀ ਦੇ ਹਸਪਤਾਲ ਦਾਖ਼ਲ ਹੋਣ ਦੀ ਖ਼ਬਰ ਮਿਲਦਿਆਂ ਹੀ ਡੀ.ਜੀ.ਪੀ. ਗੌਰਵ ਯਾਦਵ ਅਤੇ ਮੁੱਖ ਸਕੱਤਰ ਸਮੇਤ ਕਈ ਉੱਚ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੁਪਹਿਰ ਵੇਲੇ ਧੂਰੀ ਸਥਿਤ ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ’ਚ ਪੂਜਾ ਅਰਚਨਾ ਕੀਤੀ ਸੀ, ਜਿਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਮੋਹਾਲੀ ਪਹੁੰਚੇ।
ਦੂਜੇ ਪਾਸੇ ਸੋਮਵਾਰ ਨੂੰ ਮੋਗਾ ਦੇ ਪਿੰਡ ਕਿਲੀ ਚਾਹਲਾਂ ’ਚ ‘ਨਸ਼ਿਆਂ ਵਿਰੁੱਧ ਯੁੱਧ’ ਮੁਹਿੰਮ ਤਹਿਤ ਹੋਣ ਵਾਲੀ ਰਾਜ ਪੱਧਰੀ ਰੈਲੀ ’ਚ ਮੁੱਖ ਮੰਤਰੀ ਦੀ ਸ਼ਮੂਲੀਅਤ ਨੂੰ ਲੈ ਕੇ ਹੁਣ ਖ਼ਦਸ਼ਾ ਪੈਦਾ ਹੋ ਗਿਆ ਹੈ।
Read More : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ
