ਭਾਜਪਾ ਦੀ ਸਮੁੱਚੀ ਜ਼ਿਲਾ ਲੀਡਰਸ਼ਿਪ ਸਮੇਤ ਅਕਾਲੀ ਦਲ ’ਚ ਹੋਏ ਸ਼ਾਮਲ; ਸੁਖਬੀਰ ਬਾਦਲ ਨੇ ਤੁਰੰਤ ਐਲਾਨਿਆ ਹਲਕਾ ਇੰਚਾਰਜ
ਸੰਗਰੂਰ, 15 ਫਰਵਰੀ : ਸੰਗਰੂਰ, 15 ਫਰਵਰੀ : ਪੰਜਾਬ ਦੀ ਸਿਆਸਤ ’ਚ ਅੱਜ ਉਸ ਵੇਲੇ ਵੱਡਾ ਫ਼ੇਰਬਦਲ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਆਪਣੀ ਸਮੁੱਚੀ ਜ਼ਿਲਾ ਟੀਮ ਅਤੇ ਸਮਰਥਕਾਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਸੰਗਰੂਰ ਵਿਖੇ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਨੂੰ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕਰਵਾਇਆ ਅਤੇ ਤੁਰੰਤ ਉਨ੍ਹਾਂ ਨੂੰ ਸੰਗਰੂਰ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ।
ਸੁਖਬੀਰ ਬਾਦਲ ਨੇ ਸਵਾਗਤ ਕਰਦਿਆਂ ਕਿਹਾ ਕਿ ਅੱਜ ਉਹ ਤੂਫ਼ਾਨ ਸ਼ੁਰੂ ਹੋ ਗਿਆ ਹੈ, ਜੋ ਦਿੱਲੀ ਦੀਆਂ ਪਾਰਟੀਆਂ ਨੂੰ ਪੰਜਾਬ ’ਚੋਂ ਪੁੱਟ ਸੁੱਟੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਵਰਗੇ ਸੂਝਵਾਨ ਅਤੇ ਲੋਕਾਂ ’ਚ ਵਿਚਰਨ ਵਾਲੇ ਆਗੂ ਦੇ ਆਉਣ ਨਾਲ ਪਾਰਟੀ ਨੂੰ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਹੁਣ ਮੁੜ ਰਵਾਇਤੀ ਅਤੇ ਖੇਤਰੀ ਪਾਰਟੀਆਂ ਦੀ ਮਜ਼ਬੂਤੀ ਚਾਹੁੰਦੇ ਹਨ।
ਅਰਵਿੰਦ ਖੰਨਾ ਨੇ ਅਕਾਲੀ ਦਲ ’ਚ ਸ਼ਮੂਲੀਅਤ ਨੂੰ ‘ਘਰ ਵਾਪਸੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਅਕਾਲੀ ਦਲ ਨਾਲ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰ ਸਕਦੀ ਹੈ। ਉਨ੍ਹਾਂ ਅਹਿਦ ਕੀਤਾ ਕਿ ਉਹ ਸੰਗਰੂਰ ਅਤੇ ਬਰਨਾਲਾ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰਨਗੇ।
ਖੰਨਾ ਦੇ ਨਾਲ ਭਾਜਪਾ ਦੇ ਜ਼ਿਲਾ ਪ੍ਰਧਾਨ ਧਰਮਿੰਦਰ ਸਿੰਘ ਦੁਲੱਟ, ਸਾਬਕਾ ਪ੍ਰਧਾਨ ਹਰਬੰਸ ਸਿੰਘ ਗਰਚਾ, ਸੂਬਾ ਕਾਰਜਕਾਰਨੀ ਮੈਂਬਰ ਦਲਜੀਤ ਸਿੰਘ ਸੇਖੋਂ, ਮਹਿਲਾ ਮੋਰਚਾ ਪ੍ਰਧਾਨ ਮਨਜ਼ੂਲਾ ਸ਼ਰਮਾ ਅਤੇ ਕਈ ਬਲਾਕ ਪ੍ਰਧਾਨਾਂ ਨੇ ਵੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਫ਼ੈਸਲੇ ਨਾਲ ਸੰਗਰੂਰ ਅਤੇ ਬਰਨਾਲਾ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਅਕਾਲੀ ਦਲ ਨੂੰ ਇਨ੍ਹਾਂ ਹਲਕਿਆਂ ’ਚ ਵੱਡੀ ਲੀਡ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Read More : ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ
