ਨੇਪਾਲ ਨੂੰ 9 ਵਿਕਟਾਂ ਨਾਲ ਪਛਾੜਿਆ
ਮੁੰਬਈ, 15 ਫਰਵਰੀ : ਵੈਸਟ ਇੰਡੀਜ਼ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਨੇ ਐਤਵਾਰ ਨੂੰ ਦਿਨ ਦੇ ਪਹਿਲੇ ਮੈਚ ’ਚ ਨੇਪਾਲ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ।
ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਦੀ ਟੀਮ ਨੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 133 ਦੌੜਾਂ ਬਣਾਈਆਂ। ਜਵਾਬ ’ਚ ਵਿੰਡੀਜ਼ ਨੇ ਮਹਿਜ਼ 1 ਵਿਕਟ ਗੁਆ ਕੇ 15.2 ਓਵਰਾਂ ’ਚ ਹੀ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
ਵੈਸਟ ਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 44 ਗੇਂਦਾਂ ’ਚ ਨਾਬਾਦ 61 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਨੇ ਨਾਬਾਦ 46 ਅਤੇ ਬ੍ਰੈਂਡਨ ਕਿੰਗ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਨੇਪਾਲ ਲਈ ਇਕੋ-ਇਕ ਵਿਕਟ ਨੰਦਨ ਯਾਦਵ ਨੇ ਹਾਸਲ ਕੀਤੀ।
ਇਸ ਤੋਂ ਪਹਿਲਾਂ ਨੇਪਾਲ ਵੱਲੋਂ ਦੀਪੇਂਦਰ ਸਿੰਘ ਐਰੀ ਨੇ ਸੰਘਰਸ਼ਪੂਰਨ ਬੱਲੇਬਾਜ਼ੀ ਕਰਦਿਆਂ 47 ਗੇਂਦਾਂ ’ਚ 58 ਦੌੜਾਂ ਬਣਾਈਆਂ। ਸੋਮਪਾਲ ਕਾਮੀ 15 ਗੇਂਦਾਂ ’ਚ 26 ਦੌੜਾਂ ਬਣਾ ਕੇ ਅਜੇਤੂ ਰਹੇ। ਲੋਕੇਸ਼ ਬਾਮ ਨੇ 13, ਜਦਕਿ ਗੁਲਸ਼ਨ ਝਾਅ ਅਤੇ ਆਸਿਫ ਸ਼ੇਖ ਨੇ 11-11 ਦੌੜਾਂ ਬਣਾਈਆਂ।
ਵੈਸਟ ਇੰਡੀਜ਼ ਲਈ ਜੇਸਨ ਹੋਲਡਰ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ, ਜਦਕਿ ਰੋਸਟਨ ਚੇਜ਼, ਮੈਥਿਊ ਫੋਰਡ, ਅਕੀਲ ਹੁਸੈਨ ਅਤੇ ਸ਼ਮਾਰ ਜੋਸਫ਼ ਨੇ 1-1 ਵਿਕਟ ਹਾਸਲ ਕੀਤੀ।
Read More : ਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ
